ਦਿੱਲੀ ਕੈਪੀਟਲਜ਼ ਆਈਪੀਐਲ ਦੇ ਪਲੇਅ-ਆਫ ਵਿੱਚ

ਦਿੱਲੀ ਕੈਪੀਟਲਜ਼ ਨੇ ਜਿੱਤ ਦੀ ਲੈਅ ਜਾਰੀ ਰੱਖਦਿਆਂ ਅੱਜ ਇੱਥੇ ਫ਼ਿਰੋਜ਼ਸ਼ਾਹ ਕੋਟਲਾ ਮੈਦਾਨ ਵਿੱਚ ਆਈਪੀਐਲ ਦੇ ਆਪਣੇ 12ਵੇਂ ਮੈਚ ਵਿੱਚ ਰੌਇਲ ਚੈਲੰਜਰਜ਼ ਬੰਗਲੌਰ ਨੂੰ 16 ਦੌੜਾਂ ਨਾਲ ਹਰਾ ਕੇ ਪਲੇਅ-ਆਫ ਵਿੱਚ ਥਾਂ ਪੱਕੀ ਕਰ ਲਈ। ਇਸ ਜਿੱਤ ਨਾਲ ਦਿੱਲੀ ਦੇ 12 ਮੈਚਾਂ ਵਿੱਚ 16 ਅੰਕ ਹੋ ਗਏ ਹਨ, ਜਿਸ ਕਾਰਨ ਉਹ 2012 ਮਗਰੋਂ ਪਹਿਲੀ ਵਾਰ ਪਲੇਅ ਆਫ ਵਿੱਚ ਪਹੁੰਚਣ ਵਿੱਚ ਸਫਲ ਰਹੀ। ਸੂਚੀ ਵਿੱਚ ਦਿੱਲੀ ਬਿਹਤਰ ਨੈੱਟ ਰਨ ਰੇਟ ਦੀ ਬਦੌਲਤ ਚੇਨੱਈ ਸੁਪਰਕਿੰਗਜ਼ (16 ਅੰਕ) ਨਾਲ ਉਪਰ ਚੋਟੀ ’ਤੇ ਪਹੁੰਚ ਗਈ ਅਤੇ ਮੁੰਬਈ ਇੰਡੀਅਨਜ਼ (14) ਤੀਜੇ ਸਥਾਨ ’ਤੇ ਹੈ। ਉਥੇ ਰੌਇਲ ਚੈਲੰਜਰਜ਼ ਬੰਗਲੌਰ ਅੰਕੜਿਆਂ ਦੇ ਹਿਸਾਬ ਨਾਲ ਕੁਆਲੀਫਾਈ ਕਰ ਸਕਦੀ ਹੈ, ਪਰ ਇਸ ਦੀ ਸੰਭਾਵਨਾ ਘੱਟ ਹੀ ਹੈ। ਕਪਤਾਨ ਸ਼੍ਰੇਅਸ ਅਈਅਰ ਅਤੇ ਸ਼ਿਖਰ ਧਵਨ ਦੇ ਅਰਧ ਸੈਂਕੜਿਆਂ ਦੀ ਬਦੌਲਤ ਦਿੱਲੀ ਕੈਪੀਟਲਜ਼ ਨੇ ਪੰਜ ਵਿਕਟਾਂ ’ਤੇ 187 ਦੌੜਾਂ ਦਾ ਸਕੋਰ ਖੜ੍ਹਾ ਕੀਤਾ। ਅਈਅਰ ਨੇ 37 ਗੇਂਦਾਂ ਦਾ ਸਾਹਮਣਾ ਕਰਦਿਆਂ 52 ਦੌੜਾਂ (ਤਿੰਨ ਛੱਕੇ, ਦੋ ਚੌਕੇ) ਦੀ ਆਪਣੀ ਪਾਰੀ ਖੇਡੀ, ਜਦਕਿ ਧਵਨ (50 ਦੌੜਾਂ) ਨੇ ਆਪਣੀ ਸ਼ਾਨਦਾਰ ਲੈਅ ਜਾਰੀ ਰੱਖਦਿਆਂ ਇਸ ਸੈਸ਼ਨ ਵਿੱਚ ਪੰਜਵਾਂ ਅਤੇ ਲਗਾਤਾਰ ਤੀਜਾ ਨੀਮ ਸੈਂਕੜਾ ਜੜਿਆ। ਟੀਚੇ ਦਾ ਪਿੱਛਾ ਕਰਦਿਆਂ ਰੌਇਲ ਚੈਲੰਜਰਜ਼ ਬੰਗਲੌਰ ਨੇ ਸੱਤ ਵਿਕਟਾਂ ’ਤੇ 171 ਦੌੜਾਂ ਬਣਾਈਆਂ। ਆਰਸੀਬੀ ਨੇ ਜ਼ੋਰਦਾਰ ਸ਼ੁਰੂਆਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਕਪਤਾਨ ਵਿਰਾਟ ਕੋਹਲੀ ਅਤੇ ਪਾਰਥਿਵ ਪਟੇਲ ਨੇ ਕਈ ਬਿਹਤਰੀਨ ਸ਼ਾਟ ਮਾਰੇ। ਇਸ ਤੋਂ ਬਾਅਦ ਕੈਗਿਸੋ ਰਬਾਡਾ (31 ਦੌੜਾਂ ਦੇ ਕੇ ਦੋ ਵਿਕਟਾਂ) ਨੇ ਬੰਗਲੌਰ ਨੂੰ ਪਹਿਲਾ ਝਟਕਾ ਦਿੰਦਿਆਂ ਪਾਰਥਿਵ ਨੂੰ 39 ਦੌੜਾਂ ਦੇ ਨਿੱਜੀ ਸਕੋਰ ’ਤੇ ਬਾਹਰ ਦਾ ਰਸਤਾ ਵਿਖਾਇਆ। ਬੰਗਲੌਰ ਨੇ 63 ਦੌੜਾਂ ’ਤੇ ਪਾਰਥਿਵ ਦੀ, ਜਦੋਂਕਿ 68 ਦੌੜਾਂ ’ਤੇ ਕੋਹਲੀ ਵਜੋਂ ਦੂਜੀ ਵਿਕਟ ਝਟਕਾਈ। ਇਸ ਤੋਂ ਪਹਿਲਾਂ ਕਿ ਏਬੀ ਡਿਵਿਲੀਅਰਜ਼ (17 ਦੌੜਾਂ) ਹਮਲਾਵਰ ਰੁਖ਼ ਅਪਣਾਉਂਦਾ ਉਹ 12ਵੇਂ ਓਵਰ ਵਿੱਚ ਆਊਟ ਹੋ ਗਿਆ। ਇਹ ਬੰਗਲੌਰ ਨੂੰ 103 ਦੌੜਾਂ ’ਤੇ ਤੀਜਾ ਝਟਕਾ ਸੀ। ਸਪਿੰਨਰ ਅਮਿਤ ਮਿਸ਼ਰਾ ਦਾ ਤੀਜਾ ਓਵਰ ਦਿੱਲੀ ਲਈ ਬਿਹਤਰੀਨ ਰਿਹਾ, ਜਿਸ ਵਿੱਚ ਉਸ ਨੇ ਚਾਰ ਦੌੜਾਂ ਦੇ ਕੇ ਹੈਨਰਿਕ ਕਲਾਸਿਨ ਅਤੇ ਸ਼ਿਵਮ ਦੂਬੇ (24 ਦੌੜਾਂ) ਦੀਆਂ ਵਿਕਟਾਂ ਲਈਆਂ। ਗੁਰਕੀਰਤ ਸਿੰਘ ਮਾਨ (27 ਦੌੜਾਂ) ਦੇ ਕ੍ਰੀਜ਼ ’ਤੇ ਹੋਣ ਨਾਲ ਬੰਗਲੌਰ ਨੂੰ ਉਮੀਦ ਬੱਝੀ ਸੀ, ਪਰ ਉਹ 19ਵੇਂ ਓਵਰ ਵਿੱਚ ਇਸ਼ਾਂਤ ਸ਼ਰਮਾ ਦੀ ਗੇਂਦ ’ਤੇ ਵਿਕਟਕੀਪਰ ਰਿਸ਼ਭ ਪੰਤ ਨੂੰ ਕੈਚ ਦੇ ਕੇ ਮੈਦਾਨ ਤੋਂ ਬਾਹਰ ਚਲਾ ਗਿਆ।

VIA PUNJAB