ਮੋਦੀ ਸਰਕਾਰ ਨੇ ਆਪਣੇ ਕਾਰਜਕਾਲ ਵਿੱਚ ਇਤਿਹਾਸਕ ਕੰਮ ਕੀਤੇ : ਗੋਲਡੀ

ਐਸ ਏ ਐਸ ਨਗਰ – ਕੇਂਦਰ ਵਿੱਚ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨ.ਡੀ.ਏ ਸਰਕਾਰ ਨੇ ਆਪਣੇ ਕਾਰਜਕਾਲ ਵਿਚ ਉਹ ਇਤਿਹਾਸਕ ਕੰਮ ਕੀਤੇ ਹਨ ਜੋਂ ਕਾਂਗਰਸ ਤੇ ਭਾਈਵਾਲਾਂ ਦੀਆਂ ਸਰਕਾਰਾਂ ਪਿਛਲੇ 50 ਸਾਲ ਵਿਚ ਨਹੀ ਕਰ ਸਕੀਆਂ| ਕੇਂਦਰ ਵਿਚਲੀ ਮੋਦੀ ਸਰਕਾਰ ਦੇ ਕੰਮਾਂ ਤੇ ਪ੍ਰਾਪਤੀਆਂ ਨਾਲ ਭਾਰਤ ਦਾ ਨਾਮ ਪੂਰੇ ਵਿਸ਼ਵ ਵਿਚ ਰੋਸ਼ਨ ਹੋਇਆ ਹੈ| ਇਹ ਗੱਲ ਭਾਰਤੀ ਜਨਤਾ ਪਾਰਟੀ ਦੀ ਸੂਬਾ ਕਾਰਜਕਾਰਨੀ ਦੇ ਮੈਂਬਰ ਅਤੇ ਸੀਨੀਅਰ ਆਗੂ ਸੁਖਵਿੰਦਰ ਸਿੰਘ ਗੋਲਡੀ ਨੇ ਅੱਜ ਇੱਥੇ ਲੋਕ ਸਭਾ ਚੋਣਾਂ ਸਬੰਧੀ ਮੁਹਾਲੀ ਦੇ ਭਾਜਪਾ ਮੰਡਲ ਪ੍ਰਧਾਨਾਂ ਅਤੇ ਯੁਵਾ ਮੋਰਚਾ ਦੇ ਪ੍ਰਧਾਨਾਂ ਨਾਲ ਕੀਤੀ ਗਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਖੀ| ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਰਮੇਸ਼ ਵਰਮਾ, ਜ਼ਿਲ੍ਹਾ ਵਾਈਸ ਪ੍ਰਧਾਨ ਅਰੁਣ ਸ਼ਰਮਾ, ਜਨਰਲ ਸਕੱਤਰ ਕਿਰਨ ਗੁਪਤਾ ਵੀ ਹਾਜ਼ਰ ਸਨ| ਸ੍ਰੀ ਗੋਲਡੀ ਨੇ ਕਿਹਾ ਕਿ ਮੋਦੀ ਸਰਕਾਰ ਦੇ ਰਾਜ ਵਿਚ ਅੰਤਰ-ਰਾਸ਼ਟਰੀ ਪੱਧਰ ਤੇ ਦੇਸ਼ ਦੀ ਸਥਿਤੀ ਕਾਫੀ ਜ਼ਿਆਦਾ ਮਜ਼ਬੂਤ ਹੋਈ ਹੈ ਅਤੇ ਦੇਸ਼ ਨੇ ਵੱਡੇ ਪੱਧਰ ਤੇ ਤਰੱਕੀ ਕੀਤੀ ਹੈ ਅਤੇ ਭ੍ਰਿਸ਼ਟਾਚਾਰ ਨੂੰ ਠੱਲ੍ਹ ਪਈ ਹੈ| ਉਨ੍ਹਾਂ ਕਾਲੇ ਧੰਨ ਸਬੰਧੀ ਕਾਨੂੰਨ, ਜ਼ਮੀਨ ਪ੍ਰਾਪਤੀ ਬਿੱਲ, ਸਰਕਾਰ ਦੀ ਵਿਦੇਸ਼ ਨੀਤੀ, ਰੱਖਿਆ ਨੀਤੀ, ਸੁਰੱਖਿਆ, ਮੇਕ-ਇੰਡੀਆ, ਸਵੱਛ ਭਾਰਤ ਅਭਿਆਨ ਆਦਿ ਸਬੰਧੀ ਖੁੱਲ੍ਹ ਕੇ ਚਰਚਾ ਕੀਤੀ ਤੇ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਜਨ-ਧਨ ਯੋਜਨਾਂ ਅਤੇ ਪੈਨਸ਼ਨ ਯੋਜਨਾਵਾਂ ਬਾਰੇ ਵਿਸਥਾਰ ਸਾਹਿਤ ਜਾਣਕਾਰੀ ਦਿੱਤੀ| ਉਨ੍ਹਾਂ ਕਿਹਾ ਕਿ ਦੇਸ਼ ਵਿਚ ਚੱਲ ਰਹੀ ਵਿਕਾਸ ਦੀ ਰਫਤਾਰ ਨੂੰ ਚਾਲੂ ਰੱਖਣ ਇਸ ਬਾਰ ਫਿਰ ਮੋਦੀ ਸਰਕਾਰ ਲਿਆਉਣੀ ਜ਼ਰੂਰੀ ਹੈ| ਉਨ੍ਹਾਂ ਕਿਹਾ ਕਿ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਅਕਾਲੀ-ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਭਾਜਪਾ ਵੱਲੋਂ ਮੋਦੀ ਸਰਕਾਰ ਦੀਆਂ ਨੀਤੀਆਂ ਘਰ ਘਰ ਤੱਕ ਪਹੁੰਚਾਈਆਂ ਜਾਣਗੀਆਂ| ਇਸੇ ਦੇ ਮੱਦੇਨਜ਼ਰ 25 ਅਪ੍ਰੈਲ ਨੂੰ ਫੇਜ਼ 6 ਵਿਖੇ ਮੀਟਿੰਗ ਰੱਖੀ ਗਈ ਹੈ ਜਿਸ ਵਿਚ ਭਾਜਪਾ ਵਰਕਰਾਂ ਅਤੇ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਜਾਣਗੀਆਂ| ਮੀਟਿੰਗ ਵਿਚ ਭਾਜਪਾ ਦੇ ਟਰਾਂਸਪੋਰਟ ਸੈੱਲ ਦੇ ਪ੍ਰਧਾਨ ਰਾਜਿੰਦਰ ਅਰੋੜਾ, ਨੈਸ਼ਨਲ ਮਾਈਨਾਰਿਟੀ ਮੋਰਚਾ ਦੇ ਪ੍ਰਧਾਨ ਜਾਵੇਦ ਅਸਲਮ, ਮੰਡਲ-1 ਦੇ ਪ੍ਰਧਾਨ ਅਨਿਲ ਕੁਮਾਰ ਗੁੱਡੂ, ਮੰਡਲ-2 ਦੇ ਪ੍ਰਧਾਨ ਪੰਡਿਤ ਦਿਨੇਸ਼ ਕੁਮਾਰ ਸ਼ਰਮਾ ਮੰਡਲ-3 ਦੇ ਪ੍ਰਧਾਨ ਪਵਨ ਮਨੋਚਾ, ਭਾਜਪਾ ਯੁਵਾ ਮੋਰਚਾ ਦੇ ਮੰਡਲ-1 ਤੋਂ ਤਾਹਿਲ ਸ਼ਰਮਾ ਲੱਕੀ, ਮੰਡਲ-2 ਆਸ਼ੂਤੋਸ਼ ਰਾਏ, ਮੰਡਲ 3 ਦੇ ਜਨਰਲ ਸਕੱਤਰ ਜਤਿੰਦਰ ਗੋਇਲ ਆਦਿ ਵੀ ਹਾਜ਼ਰ ਸਨ|

VIA PUNJAB