ਅਦਾਲਤ ਵਲੋੰ ਨਵਾਜ਼ ਸ਼ਰੀਫ਼ ਦੀ ਜ਼ਬਤ ਕੀਤੀ ਜਾਇਦਾਦ ਵਾਪਸ ਕਰਨ ਦੇ ਹੁਕਮ

ਅੰਮ੍ਰਿਤਸਰ, 12 ਨਵੰਬਰ (ਵਾਇਆ ਪੰਜਾਬ ਬਿਊਰੋ)
ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਆਰਜ਼ੀ ਰਾਹਤ ਦਿੰਦੇ ਹੋਏ ਪਾਕਿਸਤਾਨ ਦੀ ਜਵਾਬਦੇਹੀ ਅਦਾਲਤ ਨੇ ਅਧਿਕਾਰੀਆਂ ਨੂੰ ਭਿ੍ਸ਼ਟਾਚਾਰ ਦੇ ਇਕ ਮਾਮਲੇ ‘ਚ ਸਾਲ 2020 ਵਿਚ ਜ਼ਬਤ ਕੀਤੀਆਂ ਗਈਆਂ ਉਨ੍ਹਾਂ ਦੀਆਂ ਸਾਰੀਆਂ ਚੱਲ-ਅਚੱਲ ਜਾਇਦਾਦਾਂ ਵਾਪਸ ਕਰਨ ਦੇ ਹੁਕਮ ਦਿੱਤੇ ਹਨ | ਇਸਲਾਮਾਬਾਦ ਜਵਾਬਦੇਹੀ ਅਦਾਲਤ ਦੇ ਜੱਜ ਮੁਹੰਮਦ ਬਸ਼ੀਰ ਨੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ. ਐੱਮ. ਐੱਲ.-ਐੱਨ.) ਦੇ ਸੁਪਰੀਮੋ ਸ਼ਰੀਫ ਦੇ ਖ਼ਿਲਾਫ਼ ਤੋਸ਼ਾਖਾਨਾ ਭਿ੍ਸ਼ਟਾਚਾਰ ਮਾਮਲੇ ਦੀ ਸੁਣਵਾਈ ਦੌਰਾਨ ਉਕਤ ਹੁਕਮ ਜਾਰੀ ਕੀਤੇ | ਨਵਾਜ਼ ਸ਼ਰੀਫ ਸਾਢੇ ਚਾਰ ਸਾਲ ਦੀ ਸਵੈ-ਜਲਾਵਤਨੀ ਤੋਂ ਬਾਅਦ 21 ਅਕਤੂਬਰ ਨੂੰ ਲੰਡਨ ਤੋਂ ਪਾਕਿ ਵਾਪਸ ਪਰਤੇ ਹਨ | ਜਾਣਕਾਰੀ ਅਨੁਸਾਰ ਨਵਾਜ਼ ਸ਼ਰੀਫ਼ ਦੇ ਵਕੀਲ ਨੇ ਜਵਾਬਦੇਹੀ ਅਦਾਲਤ ਦੇ ਜੱਜ ਬਸ਼ੀਰ ਨੂੰ ਦੱਸਿਆ ਕਿ ਸ਼ਰੀਫ ਵਲੋਂ ਪਾਕਿ ਪਰਤਣ ‘ਤੇ ਆਤਮ ਸਮਰਪਣ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਦੀ ਗਿ੍ਫਤਾਰੀ ਲਈ ਜਾਰੀ ਵਾਰੰਟ ਰੱਦ ਕਰ ਦਿੱਤਾ ਗਿਆ ਸੀ | ਵਕੀਲ ਨੇ ਕਿਹਾ ਕਿ ਉਕਤ ਦੇ ਆਧਾਰ ‘ਤੇ ਉਨ੍ਹਾਂ ਦੀ ਜਾਇਦਾਦ ਜ਼ਬਤ ਕਰਨ ਦੇ ਹੁਕਮ ਨੂੰ ਵੀ ਵਾਪਸ ਲਿਆ ਜਾ ਸਕਦਾ ਹੈ | ਜਾਣਕਾਰੀ ਅਨੁਸਾਰ ਤੋਸ਼ਾਖਾਨਾ ਮਾਮਲੇ ‘ਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਸਾਲ 2020 ‘ਚ ਤਿੰਨ ਵਾਰ ਪ੍ਰਧਾਨ ਮੰਤਰੀ ਰਹਿ ਚੁੱਕੇ ਸ਼ਰੀਫ ਦੀ ਖੇਤੀ ਵਾਲੀ ਜ਼ਮੀਨ, ਮਰਸਡੀਜ਼ ਬੈਂਜ਼ ਕਾਰ, ਲੈਂਡ ਕਰੂਜ਼ਰ ਕਾਰ ਅਤੇ ਹੋਰ ਵਾਹਨ ਜ਼ਬਤ ਕਰ ਲਏ ਗਏ ਸਨ |

VIA PUNJAB