ਦਮਦਮੀ ਟਕਸਾਲ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਵਲੋਂ ਹੋਲਾ-ਮਹੱਲਾ ਮੌਕੇ ਸਿੱਖ ਪੰਥ ਨੂੰ ਵਧਾਈ ਦਾ ਸੰਦੇਸ਼

ਨੌਜਵਾਨ ਪੀੜ੍ਹੀ ਨੂੰ ਹੋਲਾ-ਮਹੱਲਾ ਮੌਕੇ ਸਟੰਟਬਾਜ਼ੀ ਤੋਂ ਗੁਰੇਜ਼ ਕਰਦਿਆਂ ਬਾਣੀ-ਬਾਣੇ ਦੇ ਧਾਰਨੀ ਹੋਣ ਦੀ ਅਪੀਲ ਕੀਤੀ
ਸ੍ਰੀ ਅਨੰਦਪੁਰ ਸਾਹਿਬ, 25 ਮਾਰਚ (ਵਾਇਆ ਪੰਜਾਬ ਬਿਊਰੋ)
ਦਮਦਮੀ ਟਕਸਾਲ ਦੇ ਮੁਖੀ ਤੇ ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨੇ ਖ਼ਾਲਸਾ ਪੰਥ ਦੇ ਕੌਮੀ ਤਿਓਹਾਰ ਹੋਲਾ-ਮਹੱਲਾ ਦੀ ਸਮੁੱਚੀ ਸਿੱਖ ਕੌਮ ਨੂੰ ਵਧਾਈ ਦਿੰਦਿਆਂ ਸਿੱਖ ਨੌਜਵਾਨੀ ਦੇ ਨਾਂਅ ਖ਼ਾਸ ਅਪੀਲ ਕੀਤੀ ਹੈ ਕਿ ਉਹ ਖ਼ਾਲਸੇ ਦੀ ਚੜ੍ਹਦੀਕਲਾ ਦੇ ਪ੍ਰਤੀਕ ਹੋਲਾ-ਮਹੱਲਾ ਮੌਕੇ ਹੁੱਲੜਬਾਜ਼ੀ ਅਤੇ ਸਟੰਟਬਾਜ਼ੀ ਤੋਂ ਪੂਰਨ ਗੁਰੇਜ਼ ਕਰਦਿਆਂ ਸ਼ਰਧਾ-ਭਾਵਨਾ ਅਤੇ ਜ਼ਾਬਤੇ ਵਿਚ ਰਹਿ ਕੇ ਸ੍ਰੀ ਅਨੰਦਪੁਰ ਸਾਹਿਬ ਦੀ ਯਾਤਰਾ ਕਰਨ।
ਅੱਜ ਇੱਥੇ ਦਮਦਮੀ ਟਕਸਾਲ ਦੇ ਕੇਂਦਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਵਿਖੇ ਹੋਲਾ-ਮਹੱਲਾ ਸਬੰਧੀ ਚੱਲ ਰਹੇ ਸਮਾਗਮਾਂ ਵਿਚ ਸ਼ਮੂਲੀਅਤ ਕਰਨ ਪੁੱਜੇ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨੇ ਆਖਿਆ ਕਿ ਖ਼ਾਲਸਾ ਪੰਥ ਨੂੰ ਗੁਰੂ ਸਾਹਿਬ ਨੇ ਕੁੱਲ ਸੰਸਾਰ ਤੋਂ ਵੱਖਰੀ ਰੀਤ ਦਿੱਤੀ ਹੈ। ਇਸੇ ਕਰਕੇ ਜਦੋਂ ਦੁਨੀਆ ਹੋਲੀ ਮਨਾਉਂਦੀ ਹੈ ਤਾਂ ਖ਼ਾਲਸਾ ਹੋਲਾ ਮਨਾਉਂਦਾ ਹੈ। ਉਨ੍ਹਾਂ ਆਖਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਨੂੰ ਸਰੀਰਕ ਅਤੇ ਆਤਮਿਕ ਤੌਰ ‘ਤੇ ਬਲਵਾਨ ਕਰਨ ਲਈ ਹੋਲਾ-ਮਹੱਲਾ ਮੌਕੇ ਜੰਗਜੂ ਕਲਾਵਾਂ ਬਖਸ਼ੀਆਂ ਸਨ। ਉਨ੍ਹਾਂ ਹੋਲਾ-ਮਹੱਲਾ ਦੀ ਸਮੁੱਚੀ ਸਿੱਖ ਕੌਮ ਨੂੰ ਵਧਾਈ ਦਿੰਦਿਆਂ ਆਖਿਆ ਕਿ ਸਾਨੂੰ ਬਾਣੀ-ਬਾਣੇ ਦੇ ਧਾਰਨੀ ਬਣ ਕੇ ਗੁਰੂ ਸਿਧਾਂਤਾਂ ਵਿਚ ਪ੍ਰਪੱਕ ਹੋਣ ਦੀ ਲੋੜ ਹੈ। ਇਸ ਮੌਕੇ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨੇ ਆਖਿਆ ਕਿ ਹਰ ਸਾਲ ਹੋਲਾ-ਮਹੱਲਾ ਮੌਕੇ ਨੌਜਵਾਨਾਂ ਵਲੋਂ ਟਰੈਕਟਰਾਂ, ਮੋਟਰਸਾਈਕਲਾਂ ਦੀ ਸਟੰਟਬਾਜੀ ਕਰਦਿਆਂ ਅਨੇਕਾਂ ਜਾਨਾਂ ਅਜਾਈਂ ਚਲੀਆਂ ਜਾਂਦੀਆਂ ਹਨ, ਜੋ ਕਿ ਬਹੁਤ ਦੁਖਦਾਈ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਹੋਲਾ-ਮਹੱਲਾ ਮੌਕੇ ਸ੍ਰੀ ਅਨੰਦਪੁਰ ਸਾਹਿਬ ਦੀ ਯਾਤਰਾ ਕਰਨ ਵੇਲੇ ਜ਼ਾਬਤਾ ਬਣਾ ਕੇ ਰੱਖਣ ਅਤੇ ਭੈਅ-ਭਾਵਨੀ ਦੇ ਨਾਲ ਹੋਲਾ-ਮਹੱਲਾ ਮਨਾਉਣ।

VIA PUNJAB