ਨੋਟਬੰਦੀ ਨੂੰ ਦੁਨੀਆ ਦਾ ਸਭ ਤੋਂ ਵੱਡਾ ਭ੍ਰਿਸ਼ਟਾਚਾਰ- ਅਖਿਲੇਸ਼ ਯਾਦਵ

ਲਖਨਊ, 12 ਨਵੰਬਰ (ਵਾਇਆ ਪੰਜਾਬ ਬਿਊਰੋ)
ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਨੋਟਬੰਦੀ ਨੂੰ ਦੁਨੀਆ ਦਾ ਸਭ ਤੋਂ ਵੱਡਾ ਭਿ੍ਸ਼ਟਾਚਾਰ ਕਰਾਰ ਦਿੱਤਾ | ਲਖਨਊ ਵਿਖੇ ਪਾਰਟੀ ਦਫ਼ਤਰ ‘ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਅਖਿਲੇਸ਼ ਯਾਦਵ ਨੇ ਕਿਹਾ ਕਿ 2016 ‘ਚ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਕੀਤੀ ਨੋਟਬੰਦੀ ਦੁਨੀਆ ਦਾ ਸਭ ਤੋਂ ਵੱਡਾ ਭਿ੍ਸ਼ਟਾਚਾਰ ਹੈ | ਉਨ੍ਹਾਂ ਕਿਹਾ ਕਿ ਦੇਸ਼ ‘ਚ 15 ਲੱਖ ਕਰੋੜ ਰੁਪਏ ਦੀ ਧੋਖਾਧੜੀ ਅਤੇ ਨੁਕਸਾਨ ਦੀ ਭਰਪਾਈ ਲਈ ਇਸ ਸਰਕਾਰ (ਭਾਜਪਾ ਦੀ) ਨੇ ਇਕ ਸੋਚੀ ਸਮਝੀ ਰਣਨੀਤੀ ਤਹਿਤ ਨੋਟਬੰਦੀ ਦਾ ਫ਼ੈਸਲਾ ਕੀਤਾ ਸੀ | ਸਰਕਾਰ ਨੇ ਜਨਤਾ ਦਾ ਸਾਰਾ ਪੈਸਾ ਬੈਂਕਾਂ ‘ਚ ਜਮ੍ਹਾ ਕਰ ਦਿੱਤਾ ਅਤੇ ਅਮੀਰਾਂ ਦੀ ਤਿਜੌਰੀਆਂ ਭਰਨ ਲਈ ਗਰੀਬਾਂ ਦਾ ਪੈਸਾ ਲਿਆ | ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਨੋਟਬੰਦੀ ਨਾਲ ਭਿ੍ਸ਼ਟਾਚਾਰ ਅਤੇ ਅੱਤਵਾਦ ਖ਼ਤਮ ਹੋ ਜਾਵੇਗਾ ਅਤੇ ਮਹਿੰਗਾਈ ਘਟੇਗੀ | ਪਰ ਉਨ੍ਹਾਂ ਦੇ ਦਾਅਵੇ ਝੂਠੇ ਸਾਬਿਤ ਹੋਏ | ਨੋਟਬੰਦੀ ਦੇ ਬਾਅਦ ਵੀ ਭਿ੍ਸ਼ਟਾਚਾਰ ਘੱਟ ਨਹੀਂ ਹੋਇਆ, ਨਾ ਮਹਿੰਗਾਈ ਰੁਕੀ ਤੇ ਨਾ ਹੀ ਅੱਤਵਾਦ ਦਾ ਖ਼ਾਤਮਾ ਹੋਇਆ | ਉਨ੍ਹਾਂ ਕਿਹਾ ਕਿ ਅੱਜ ਦੇਸ਼ ‘ਚ ਮਹਿੰਗਾਈ, ਬੇਰੁਜ਼ਗਾਰੀ ਅਤੇ ਭਿ੍ਸ਼ਟਾਚਾਰ ਸਿਖ਼ਰ ‘ਤੇ ਹੈ |

VIA PUNJAB