‘ਆਪ’ ਹਾਈਕਮਾਂਡ ਵੱਲੋਂ ਖਹਿਰਾ ਦੀ ਵਿਧਾਇਕੀ ਖ਼ਤਮ ਕਰਵਾਉਣ ਦਾ ਫ਼ੈਸਲਾ

ਡਿਸਕੁਆਲੀਫ਼ਾਈ ਲਈ ਸਪੀਕਰ ਨੂੰ ਕੀਤੀ ਜਾਵੇਗੀ ਅਪੀਲ : ਚੀਮਾ

ਚੰਡੀਗੜ੍ਹ – ਆਮ ਆਦਮੀ ਪਾਰਟੀ ਦੀ ਟਿਕਟ ’ਤੇ ਵਿਧਾਇਕ ਬਣੇ ਸੁਖਪਾਲ ਸਿੰਘ ਖਹਿਰਾ ਦੀ ਵਿਧਾਇਕੀ ਖਤਮ ਕਰਾਉਣ ਲਈ ਹੁਣ ਪਾਰਟੀ ਸਪੀਕਰ ਨੂੰ ਲਿਖੇਗੀ। ‘ਆਪ’ ਵਲੋਂ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਅਹੁਦੇ ਤੋਂ ਹਟਾਏ ਜਾਣ ਬਾਅਦ, ਬਾਗੀ ਹੋਏ ਸੁਖਪਾਲ ਸਿੰਘ ਖਹਿਰਾ ਨੇ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਨਵੀਂ ਪਾਰਟੀ ‘ਪੰਜਾਬੀ ਏਕਤਾ ਪਾਰਟੀ’ ਦੀ ਸਥਾਪਨਾ ਕਰ ਲਈ ਸੀ। ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਖਹਿਰਾ ਲਗਾਤਾਰ ਪਾਰਟੀ ਵਿਰੋਧੀ ਕਾਰਵਾਈਆਂ ਕਰਦੇ ਆ ਰਹੇ ਹਨ।।ਉਨ੍ਹਾਂ ਕਿਹਾ ਕਿ 22 ਮੈਂਬਰੀ ਕੋਰ ਕਮੇਟੀ ਵਲੋਂ ਅਸੀਂ ਸਹਿਮਤੀ ਲੈ ਲਈ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਦੇ ਸਪੀਕਰ ਤੋਂ ਸੁਖਪਾਲ ਸਿੰਘ ਖਹਿਰਾ ਨੂੰ ਡਿਸਕੁਆਲੀਫ਼ਾਈ ਕਰਾਉਣ ਸਬੰਧੀ ਲਿਖਿਆ ਜਾਵੇਗਾ। ਉਧਰ ਦੂਜੇ ਪਾਸੇ ਹਲਕਾ ਜੈਤੋਂ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿਤਾ ਹੈ। ਸੂਤਰਾਂ ਮੁਤਾਬਕ ਬਲਦੇਵ ਸਿੰਘ ਨਵੀਂ ਬਣੀ ਸੁਖਪਾਲ ਸਿੰਘ ਖਹਿਰਾ ਦੀ ‘ਪੰਜਾਬੀ ਏਕਤਾ ਪਾਰਟੀ’ ’ਚ ਸ਼ਾਮਲ ਹੋ ਸਕਦੇ ਹਨ। ‘ਆਪ’ ਦੇ ਵਿਧਾਇਕ ਵਲੋਂ ਅਸਤੀਫੇ ਦੇਣ ’ਤੇ ਚੀਮਾ ਨੇ ਕਿਹਾ ਕਿ ਵਿਧਾਨ ਸਭਾ ’ਚ ਵਿਰੋਧੀ ਪਾਰਟੀ ਦੇ ਆਗੂ ਬਣੇ ਰਹਿਣ ਨਾਲੋਂ ਅਨੁਸ਼ਾਸਨ ਵਧੇਰੇ ਮਹਤਵਪੂਰਨ ਹੈ। ਉਨ੍ਹਾਂ ਕਿਹਾ ਕਿ ਸਾਡੀ ਪਹਿਲੀ ਤਰਜੀਹ ਪਾਰਟੀ ’ਚ ਅਨੁਸ਼ਾਸਨ ਬਣਾਈ ਰਖਣਾ ਹੈ। ਉਨ੍ਹਾਂ ਕਿਹਾ ਕਿ ਜੇਕਰ ਵਿਧਾਇਕ ਅਨੁਸ਼ਾਸਨ ਦੀ ਪਾਲਣਾ ਨਹੀਂ ਕਰਨਗੇ ਤਾਂ ਉਨ੍ਹਾਂ ’ਤੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਬਣੇ ਰਹਿਣ ਦੀ ਬਜਾਏ ਸਿਧਾਂਤ ਮਹਤਵਪੂਰਣ ਹੈ।

VIA PUNJAB