ਇਜ਼ਰਾਈਲ ਵਲੋਂ ਗਾਜ਼ਾ ‘ਚ ਲਗਾਤਾਰ ਬੰਬਾਰੀ ਜਾਰੀ, ਸਭ ਤੋਂ ਵੱਡੇ ਹਸਪਤਾਲ ਨੂੰ ਬਣਾਇਆ ਨਿਸ਼ਾਨਾ

ਦੈਰ-ਅਲ-ਬਲ੍ਹਾਹ (ਗਾਜ਼ਾ ਪੱਟੀ), 12 ਨਵੰਬਰ (ਵਾਇਆ ਪੰਜਾਬ ਬਿਊਰੋ)
ਗਾਜ਼ਾ ‘ਚ ਇਜ਼ਰਾਈਲ ਵਲੋਂ ਲਗਾਤਾਰ ਬੰਬਾਰੀ ਜਾਰੀ ਹੈ | ਇਜ਼ਰਾਈਲੀ ਫ਼ੌਜ ਨੇ ਗਾਜ਼ਾ ਦੇ ਸਭ ਤੋਂ ਵੱਡੇ ਅਲ ਸ਼ਿਫ਼ਾ ਹਸਪਤਾਲ ਨੂੰ ਘੇਰ ਲਿਆ ਹੈ, ਜਿਥੇ ਡਾਕਟਰਾਂ ਨੇ ਕਿਹਾ ਕਿ ਆਖਰੀ ਜਨਰੇਟਰ ਦਾ ਈਾਧਣ ਖ਼ਤਮ ਹੋਣ ਦੇ ਬਾਅਦ ਪੰਜ ਮਰੀਜ਼ਾਂ ਦੀ ਮੌਤ ਹੋ ਗਈ, ਮਿ੍ਤਕਾਂ ‘ਚ ਇਕ ਸਮੇਂ ਤੋਂ ਪਹਿਲਾਂ ਜਨਮਿਆ (ਪ੍ਰੀਮੈਚਿਊਰ) ਬੱਚਾ ਵੀ ਸ਼ਾਮਿਲ ਸੀ | ਇਜ਼ਰਾਈਲੀ ਸੈਨਾ ਦਾ ਦਾਅਵਾ ਹੈ ਕਿ ਅਲ ਸ਼ਿਫ਼ਾ ਹਸਪਤਾਲ ਹੇਠਾਂ ਹਮਾਸ ਦਾ ਕਮਾਂਡ ਤੇ ਖ਼ੁਫ਼ੀਆ ਸੈਂਟਰ ਹੈ | ਉੱਧਰ ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਈਸੀ ਨੇ ਕਿਹਾ ਹੈ ਕਿ ਹੁਣ ਗੱਲਾਂ ਦੀ ਨਹੀਂ, ਕਾਰਵਾਈ ਦੀ ਜ਼ਰੂਰਤ ਹੈ | ਗਾਜ਼ਾ ‘ਚ ਹੋ ਰਹੀਆਂ ਹੱਤਿਆਵਾਂ ਦੇ ਖ਼ਿਲਾਫ਼ ਸਾਰੇ ਮੁਸਲਮਾਨ ਦੇਸ਼ਾਂ ਨੂੰ ਇਕੱਠੇ ਹੋਣਾ ਚਾਹੀਦਾ ਹੈ | ਗਾਜ਼ਾ ਦੇ ਸਭ ਤੋਂ ਵੱਡੇ ਸ਼ਿਫ਼ਾ ਹਸਪਤਾਲ ਦੇ ਡਾਇਰੈਕਟਰ ਮੁਹੰਮਦ ਅਬੂ ਸਲਮੀਆ ਨੇ ਕਿਹਾ ਕਿ ਬਿਜਲੀ ਨਹੀਂ ਹੈ, ਮੈਡੀਕਲ ਉਪਕਰਨ ਬੰਦ ਹੋ ਗਏ ਹਨ, ਆਈ.ਸੀ.ਯੂ. ‘ਚ ਜੇਰੇ ਇਲਾਜ ਮਰੀਜ਼ ਮਰਨੇ ਸ਼ੁਰੂ ਹੋ ਗਏ ਹਨ | ਫਿਲਸਤੀਨ ਦੇ ਸਿਹਤ ਮੰਤਰਾਲੇ ਅਨੁਸਾਰ ਅਲ ਸ਼ਿਫਾ ਹਸਪਤਾਲ ‘ਚ ਜੇਰੇ ਇਲਾਜ 39 ਬੱਚਿਆਂ ਦੀ ਜਾਨ ਜੋਖ਼ਮ ‘ਚ ਹੈ | ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਦੇ ਮੁਖੀ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੂੰ ਦੱਸਿਆ ਹੈ ਕਿ ਇਜ਼ਰਾਈਲੀ ਬੰਬਾਰੀ ਨਾਲ ਗਾਜ਼ਾ ‘ਚ ਹਰ ਦਸ ਮਿੰਟ ‘ਚ ਇਕ ਬੱਚੇ ਦੀ ਮੌਤ ਹੋ ਰਹੀ ਹੈ | ਜੰਗ ‘ਚ ਹੁਣ ਤੱਕ ਗਾਜ਼ਾ ਦੇ 11,000 ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹੈ, ਜਿਨ੍ਹਾਂ ‘ਚ 4056 ਬੱਚੇ ਹਨ | ਦੂਜੇ ਪਾਸੇ ਇਜ਼ਰਾਈਲ ਨੇ 7 ਅਕਤੂਬਰ ਨੂੰ ਹਮਾਸ ਦੇ ਹਮਲੇ ‘ਚ ਮਰਨ ਵਾਲੇ ਲੋਕਾਂ ਦੀ ਗਿਣਤੀ 1400 ਤੋਂ ਘਟਾ ਕੇ 1200 ਕਰ ਦਿੱਤੀ ਹੈ | ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਗਾਜ਼ਾ ‘ਚ ਹੋ ਰਹੀਆਂ ਮੌਤਾਂ ਦੇ ਜ਼ਿੰਮੇਵਾਰ ਅਸੀਂ ਨਹੀਂ, ਹਮਾਸ ਹੈ | ਦੁਨੀਆ ਨੂੰ ਸਾਡੀ ਨਹੀਂ, ਇਨ੍ਹਾਂ ਦੀ ਅਲੋਚਨਾ ਕਰਨੀ ਚਾਹੀਦੀ ਹੈ | ਨੇਤਨਯਾਹੂ ਨੇ ਦੁਨੀਆ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਹਮਾਸ ਨੇ ਗਾਜ਼ਾ ‘ਚ ਜੋ ਅਪਰਾਧ ਕੀਤੇ ਹਨ ਉਹ ਪੈਰਿਸ, ਨਿਊਯਾਰਕ ਅਤੇ ਪੂਰੀ ਦੁਨੀਆ ਭਰ ‘ਚ ਹੋ ਸਕਦੇ ਹਨ |

VIA PUNJAB