ਕਰਤਾਰਪੁਰ ਲਾਂਘੇ ‘ਚ ਭਾਰਤ ਵੱਲੋਂ ਰੱਖੀ ਪੁਲ ਬਣਾਉਣ ਦੀ ਮੰਗ ਨੂੰ ਪਾਕਿ ਨੇ ਠੁਕਰਾਇਆ

ਭਾਰਤ ਅਤੇ ਪਾਕਿਸਤਾਨ ਦੇ ਮਾਹਿਰਾਂ ਵਿਚਾਲੇ ਬੈਠਕ ‘ਚ ਲਏ ਅਹਿਮ ਫੈਸਲੇ

ਗੁਰਦਾਸਪੁਰ – ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਦੇ ਬਾਵਜੂਦ ਕਰਤਾਰਪੁਰ ਸਾਹਿਬ ਲਾਂਘੇ ਦੇ ਨਿਰਮਾਣ ਕਾਰਜ ਤੇਜ਼ੀ ਨਾਲ ਜਾਰੀ ਹੈ। ਇਸ ਕਾਰਜ ਨੂੰ ਨਿਰਵਿਘਨ ਨੇਪਰੇ ਚਾੜ੍ਹਨ ਲਈ ਦੋਵਾਂ ਦੇਸ਼ਾਂ ਦੇ ਤਕਨੀਕੀ ਅਧਿਕਾਰੀਆਂ ਦੀ ਮੀਟਿੰਗ ਡੇਰਾ ਬਾਬਾ ਨਾਨਕ ਨੇੜੇ ਕੌਮਾਂਤਰੀ ਸਰਹੱਦ ‘ਤੇ ਜ਼ੀਰੋ ਲਾਈਨ ‘ਤੇ ਹੋਈ। ਇਸ ਮੀਟਿੰਗ ਵਿੱਚ ਸਵਾਗਤੀ ਗੇਟ, ਪੁਲ ਦੇ ਨਿਰਮਾਣ ਅਤੇ ਹੋਰ ਕਾਰਜਾਂ ਬਾਰੇ ਚਰਚਾ ਕੀਤੀ ਗਈ। ਇਹ ਪੁਲ ਰਾਵੀ ਦਰਿਆ ‘ਤੇ ਬਣਾਇਆ ਜਾ ਰਿਹਾ ਹੈ ਅਤੇ ਇਸ ਦੇ ਡਿਜ਼ਾਈਨ ‘ਤੇ ਵੀ ਗੱਲਬਾਤ ਕੀਤੀ ਗਈ ਹੈ। ਹਾਲਾਂਕਿ ਇਸ ਬੈਠਕ ਵਿੱਚ ਭਾਰਤੀ ਅਧਿਕਾਰੀਆਂ ਵੱਲੋਂ ਐੱਲ. ਓ. ਸੀ. ਤੋਂ ਲੈ ਕੇ ਜ਼ੀਰੋ ਲਾਈਨ ਤੱਕ ਪੁਲ ਬਣਾਉਣ ਦੀ ਮੰਗ ਰੱਖੀ ਗਈ ਸੀ। ਭਾਰਤ ਦੀ ਮੰਗ ਨੂੰ ਪਾਕਿਸਤਾਨ ਦੇ ਅਧਿਕਾਰੀਆਂ ਨੇ ਠੁਕਰਾ ਦਿੱਤਾ ਅਤੇ ਉਹ ਵਾਪਸ ਚਲੇ ਗਏ। ਦੱਸਣਯੋਗ ਹੈ ਕਿ ਬੈਠਕ ‘ਚ ਦੋਹਾਂ ਦੇਸ਼ਾਂ ਦੇ 9-9 ਅਧਿਕਾਰੀ ਸ਼ਾਮਿਲ ਹੋਏ ਸਨ। ਲਾਂਘੇ ਦੇ ਕੰਮ ਵਿੱਚ ਤੇਜ਼ੀ ਦੇਖੀ ਗਈ ਹੈ। ਕੌਰੀਡੋਰ ਨੂੰ ਨੇਪਰੇ ਚਾੜ੍ਹਨ ਲਈ ਨਿਰਮਾਣ ਏਜੰਸੀ ਨੇ ਕੁਝ ਦਿਨ ਪਹਿਲਾਂ ਕੰਡਿਆਲੀ ਤਾਰ ਕੋਲ (ਦਰਸ਼ਨੀ ਸਥਾਨ ਦੇ ਐਨ ਨੇੜੇ) ਬਣਿਆ ਬੰਕਰ ਢਾਹ ਦਿੱਤਾ ਹੈ। ਇਹ ਬੰਕਰ ਭਾਰਤ-ਪਾਕਿ ਵਿਚਾਲੇ ਬਣਾਏ ਜਾ ਰਹੇ ਪੁਲ ਦੇ ਕੰਮ ‘ਚ ਅੜਿੱਕਾ ਪੈਦਾ ਕਰ ਰਿਹਾ ਸੀ। ਇਸ ਨੂੰ ਢਾਹੁਣ ਲਈ ਨਿਰਮਾਣ ਏਜੰਸੀ ਨੇ ਪਹਿਲਾਂ ਸੈਨਾ ਦੇ ਉੱਚ ਅਧਿਕਾਰੀਆਂ ਤੋਂ ਪ੍ਰਵਾਨਗੀ ਲਈ ਹੈ। ਇਸੇ ਤਰ੍ਹਾਂ ਕੰਡਿਆਲੀ ਤਾਰ ਕੋਲ ਬਣੇ ਟਾਵਰ, ਦਰਸ਼ਨੀ ਸਥਾਨ ਤੋਂ ਇਲਾਵਾ ਕੰਟੀਨ ਅਤੇ ਨੇੜਲੇ ਸੈਂਡ ਨੂੰ ਢਾਹ ਦਿੱਤਾ ਗਿਆ ਹੈ। ਕੁਝ ਥਾਵਾਂ ‘ਤੇ ਪੁਲੀਆਂ ਵੀ ਪੈ ਚੁੱਕੀਆਂ ਹਨ। ਪਾਕਿ ਸਰਕਾਰ ਨੇ ਕਰਤਾਰਪੁਰ ਲਾਂਘੇ ਦਾ ਕੰਮ 75 ਫ਼ੀਸਦੀ ਤੱਕ ਮੁਕੰਮਲ ਕਰ ਲਿਆ ਹੈ। ਕੌਮਾਂਤਰੀ ਸੀਮਾ ‘ਤੇ ਬਣੇ ਧੁੱਸੀ ਬੰਨ੍ਹ ਉੱਤੇ ਖੜ੍ਹ ਕੇ ਪਾਕਿਸਤਾਨ ਵਾਲੇ ਪਾਸੇ ਲਾਂਘੇ ਦਾ ਹੋ ਰਿਹਾ ਕੰਮ ਦੇਖਿਆ ਜਾ ਸਕਦਾ ਹੈ। ਭਾਰਤ ਵਾਲੇ ਪਾਸੇ ਬਣਨ ਵਾਲੀ ਸੜਕ ਦੇ ਕੰਮ ਦੇ ਪਹਿਲੇ ਪੜਾਅ ਨੂੰ ਵੀ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਬੈਠਕ ਵਿੱਚ ਭਾਰਤ ਵੱਲੋਂ ਨੈਸ਼ਨਲ ਹਾਈਵੇਅ ਅਥਾਰਿਟੀ, ਲੈਂਡ ਪੋਰਟ ਅਥਾਰਿਟੀ, ਬੀ.ਐੱਸ.ਐੱਫ. ਦੇ ਅਧਿਕਾਰੀ ਸ਼ਾਮਿਲ ਸਨ, ਜਿਨ੍ਹਾਂ ਵਿੱਚ ਸੀ.ਜੀ.ਐੱਮ. ਐਨ.ਐਚ.ਏ.ਆਈ. ਮਨੀਸ਼ ਰਸਤੋਗੀ, ਐਨ.ਐਚ.ਏ.ਈ. ਆਰ.ਓ. ਵਿਸ਼ਾਲ ਗੁਪਤਾ, ਐਨ.ਐਚ.ਏ.ਆਈ. ਪੀ.ਡੀ. ਵਾਈ.ਐੱਸ. ਜਾਡਨ, ਐਲ.ਪੀ.ਏ. ਮੈਂਬਰ ਸਕਸੈਨਾ ਅਤੇ ਬੀ.ਸੀ.ਐੱਫ. ਦੇ ਮਿਸਟਰ ਸ਼ਰਮਾ ਮੁੱਖ ਸਨ।

VIA PUNJAB