ਕੇਂਦਰੀ ਮੰਤਰੀਆਂ ਨੂੰ ਮੰਤਰਾਲਿਆਂ ਦੀ ਵੰਡ ਸ਼ਹੀਦਾਂ ਦੇ ਬੱਚਿਆਂ ਦੇ ਵਜ਼ੀਫੇ ‘ਚ ਵਾਧਾ

ਅਮਿਤ ਸ਼ਾਹ ਹੱਥ ਗ੍ਰਹਿ ਮੰਤਰਾਲੇ ਦੀ ਕਮਾਨ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੂਸਰੇ ਕਾਰਜਕਾਲ ਦੀ ਪਹਿਲੀ ਕੈਬਨਿਟ ਮੀਟਿੰਗ ‘ਚ ਇੱਕ ਵੱਡਾ ਫ਼ੈਸਲਾ ਲਿਆ ਗਿਆ। ਮੀਟਿੰਗ ਵਿੱਚ ਲਏ ਗਏ ਫ਼ੈਸਲੇ ਅਨੁਸਾਰ, ਸ਼ਹੀਦਾਂ ਦੇ ਬੱਚਿਆਂ ਨੂੰ ਪ੍ਰਧਾਨ ਮੰਤਰੀ ਸਕਾਲਰਸ਼ਿਪ ਦਿੱਤੀ ਜਾਵੇਗੀ। ਪ੍ਰਧਾਨ ਮੰਤਰੀ ਨੇ ਸਕਾਲਰਸ਼ਿਪ ਦੀ ਰਾਸ਼ੀ 2000 ਤੋਂ 2500 (ਲੜਕਿਆਂ ਦੇ ਲਈ) ਅਤੇ 2250 ਤੋਂ 3000 (ਲੜਕੀਆਂ ਦੇ ਲਈ) ਕਰਨ ਨੂੰ ਮਨਜ਼ੂਰੀ ਦਿੱਤੀ ਹੈ। ਇਸ ਤੋਂ ਪਹਿਲਾਂ ਕੇਂਦਰੀ ਕੈਬਨਿਟ ਮੰਤਰੀਆਂ ਨੂੰ ਮਹਿਕਮੇ ਵੰਡੇ ਗਏ। ਪਹਿਲੀ ਵਾਰ ਸੰਸਦ ਵਿੱਚ ਪਹੁੰਚੇ ਅਮਿਤ ਸ਼ਾਹ ਨੂੰ ਗ੍ਰਹਿ ਮੰਤਰਾਲਾ ਸੌਂਪਿਆ ਗਿਆ ਹੈ, ਜਦੋਂ ਕਿ ਇਸ ਵਾਰ ਰਾਜਨਾਥ ਨੂੰ ਰੱਖਿਆ ਮੰਤਰਾਲਾ ਅਤੇ ਨਿਰਮਲਾ ਸੀਤਾਰਮਣ ਨੂੰ ਵਿੱਤ ਮੰਤਰਾਲਾ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਕੋਲ ਅਮਲਾ, ਜਨ ਸ਼ਿਕਾਇਤ ਅਤੇ ਪੈਨਸ਼ਨ, ਪਰਮਾਣੂ ਊਰਜਾ, ਪੁਲਾੜ ਮੰਤਰਾਲਾ ਤੋਂ ਇਲਾਵਾ ਉਹ ਸਾਰੇ ਮੰਤਰਾਲੇ ਜੋ ਕਿਸੇ ਵੀ ਹੋਰ ਮੰਤਰੀ ਦੇ ਹਿੱਸੇ ਨਹੀਂ ਦਿੱਤੇ ਗਏ। ਇਸ ਤੋਂ ਇਲਾਵਾ ਐੱਸ ਜੈਸ਼ੰਕਰ ਨੂੰ ਵਿਦੇਸ਼ ਮੰਤਰਾਲੇ ਦਾ ਕਾਰਜਭਾਰ ਸੌਂਪਿਆ ਗਿਆ ਹੈ। ਜਦੋਂ ਕਿ ਹਰਸਿਮਰਤ ਕੌਰ ਬਾਦਲ ਦਾ ਮਹਿਕਮਾ ਬਰਕਰਾਰ ਰਿਹਾ। ਇਸ ਵਾਰ ਵੀ ਉਨ੍ਹਾਂ ਦੇ ਹਿੱਸੇ ਫੂਡ ਪ੍ਰੋਸੈਸਿੰਗ ਮੰਤਰਾਲਾ ਆਇਆ ਹੈ। ਸ੍ਰੀ ਪ੍ਰਕਾਸ਼ ਜਾਵਡੇਕਰ ਨਵੇਂ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਬਣਾਏ ਗਏ ਹਨ। ਨਿਤਿਨ ਗਡਕਰੀ ਨੂੰ ਵੀ ਪਹਿਲਾਂ ਦੀ ਤਰ੍ਹਾਂ ਸੜਕ ਟਰਾਂਸਪੋਰਟ-ਰਾਜਮਾਰਗ ਮੰਤਰਾਲਾ ਦਿੱਤਾ ਗਿਆ ਅਤੇ ਇਸ ਦੇ ਨਾਲ ਹੀ ਮਾਈਕ੍ਰੋ, ਲਘੂ ਅਤੇ ਮੱਧਮ ਉਦਯੋਗ ਮੰਤਰਾਲੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਪਿਊਸ਼ ਗੋਇਲ ਨੂੰ ਰੇਲ ਮੰਤਰੀ ਬਣਾਇਆ ਗਿਆ, ਇਸ ਦੇ ਨਾਲ ਹੀ ਉਨ੍ਹਾਂ ਨੂੰ ਕਾਰਮਸ ਐਂਡ ਇੰਡਸਟਰੀ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਸਦਾਨੰਦ ਗੌੜਾ ਨੂੰ ਰਸਾਇਣ ਅਤੇ ਖਾਦ ਮੰਤਰਾਲਾ ਦਿੱਤਾ ਗਿਆ ਹੈ। ਵੀਰਵਾਰ ਨੂੰ ਸਹੁੰ ਚੁੱਕ ਸਮਾਗਮ ਵਿੱਚ ਮੋਦੀ ਨਾਲ 57 ਮੰਤਰੀਆਂ ਨੇ ਹਲਫ਼ ਲਿਆ। ਇਨ੍ਹਾਂ ਵਿੱਚ 24 ਕੈਬਨਿਟ ਮੰਤਰੀ, 24 ਰਾਜ ਮੰਤਰੀ ਅਤੇ 9 ਰਾਜ ਮੰਤਰੀ (ਸੁਤੰਤਰ ਪ੍ਰਭਾਵੀ) ਸ਼ਾਮਿਲ ਹਨ। ਹਲਫ਼ ਲੈਣ ਵਾਲੇ 20 ਚਿਹਰੇ ਮੋਦੀ ਸਰਕਾਰ ‘ਚ ਪਹਿਲੀ ਵਾਰ ਮੰਤਰੀ ਬਣਾਏ ਗਏ ਹਨ। ਰਾਮ ਵਿਲਾਸ ਪਾਸਵਾਨ ਨੂੰ ਖੁਰਾਕ ਸਪਲਾਈ ਮੰਤਰੀ ਬਣਾਇਆ ਗਿਆ ਹੈ। ਰਵੀਸ਼ੰਕਰ ਪ੍ਰਸਾਦ ਨੂੰ ਕਾਨੂੰਨ ਮੰਤਰੀ ਅਤੇ ਰਾਹੁਲ ਗਾਂਧੀ ਨੂੰ ਹਰਾਉਣ ਵਾਲੀ ਸਮ੍ਰਿਤੀ ਈਰਾਨੀ ਨੂੰ ਮਹਿਲਾ ਤੇ ਬਾਲ ਵਿਕਾਸ ਮੰਤਰੀ ਬਣਾਇਆ ਗਿਆ ਹੈ। ਥਾਵਰਚੰਦ ਗਹਿਲੋਤ ਨੂੰ ਸਮਾਜਿਕ ਨਿਆਂ ਮੰਤਰਾਲਾ, ਸੋਮ ਪ੍ਰਕਾਸ਼ ਨੂੰ ਉਦਯੋਗ ਰਾਜ ਮੰਤਰਾਲਾ, ਹਰਦੀਪ ਸਿੰਘ ਪੁਰੀ ਨੂੰ ਸ਼ਹਿਰੀ ਤੇ ਆਵਾਸ ਮੰਤਰਾਲਾ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਰਮੇਸ਼ ਪੋਖਰਿਆਲ ਨਿਸ਼ੰਕ ਨੂੰ ਕੇਂਦਰੀ ਮਨੁੱਖੀ ਵਸੀਲਿਆਂ ਬਾਰੇ ਮੰਤਰੀ ਬਣਾਇਆ ਗਿਆ ਹੈ। ਅਰਜੁਨ ਮੁੰਡਾ ਦੇ ਹਿੱਸੇ ਜਨਜਾਤੀ ਵਿਭਾਗ ਦਾ ਮੰਤਰਾਲਾ ਆਇਆ ਹੈ। ਪ੍ਰਕਾਸ਼ ਜਾਵੜੇਕਰ ਨੂੰ ਵਾਤਾਵਰਣ ਤੇ ਜੰਗਲਾਤ ਮਹਿਕਮਾ ਦਿੱਤਾ ਗਿਆ ਹੈ। ਧਰਮੇਂਦਰ ਪ੍ਰਧਾਨ ਨੂੰ ਪੈਟਰੋਲੀਅਮ ਮੰਤਰੀ, ਮੁਖਤਾਰ ਅੱਬਾਸ ਨਕਲੀ ਨੂੰ ਘੱਟਗਿਣਤੀਆਂ ਮਾਮਲਿਆਂ ਦਾ ਮੰਤਰੀ, ਪਹਿਲਾਦ ਜੋਸ਼ੀ ਨੂੰ ਸੰਸਦੀ ਕਾਰਜ ਮੰਤਰੀ, ਮਹੇਂਦਰ ਨਾਥ ਪਾਂਡਿਆ ਨੂੰ ਸਕਿੱਲ ਡਿਵੈਲਪਮੈਂਟ ਮੰਤਰੀ ਬਣਾਇਆ ਗਿਆ ਹੈ। ਡੀ.ਵੀ. ਸਦਾਨੰਦ ਗੌੜਾ ਨੂੰ ਰਸਾਇਣ ਤੇ ਖਾਦ ਮੰਤਰਾਲਾ ਮਿਲਿਆ ਅਤੇ ਨਰੇਂਦਰ ਸਿੰਘ ਤੋਮਰ ਨੂੰ ਖੇਤੀਬਾੜੀ ਮੰਤਰੀ ਦੇ ਨਾਲ-ਨਾਲ ਪੇਂਡੂ ਵਿਕਾਸ ਮੰਤਰੀ ਤੇ ਪੰਚਾਇਤੀ ਰਾਜ ਦੀ ਵੀ ਜ਼ਿੰਮੇਵਾਰੀ ਦਿੱਤੀ ਗਈ ਹੈ। ਗਜੇਂਦਰ ਸਿੰਘ ਸ਼ੇਖਾਵਤ ਨੂੰ ਜਲ ਸ਼ਕਤੀ ਮੰਤਰੀ ਬਣਾਇਆ ਗਿਆ ਹੈ। ਡਾ. ਹਰਸ਼ਵਰਧਨ ਨੂੰ ਸਿਹਤ ਮੰਤਰੀ ਬਣਾਇਆ ਗਿਆ ਹੈ।

VIA PUNJAB