ਡੇਰਾ ਮੁਖੀ ਨੂੰ ਸਾਲ ‘ਚ ਤੀਜੀ ਵਾਰ ਪੈਰੋਲ ਮਿਲਣ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਭਾਰਤੀ ਕਾਨੂੰਨ ਪ੍ਰਤੀ ਜਤਾਈ ਬੇਵਿਸਾਹੀ

•ਬਲਾਤਕਾਰੀਆਂ ਲਈ ਕਾਨੂੰਨ ਨਰਮ ਪਰ ਆਪਣੇ ਹੱਕਾਂ ਲਈ ਲੜਣ ਵਾਲੇ ਸਿੱਖਾਂ ਲਈ ਸਖਤ : ਗਿਆਨੀ ਹਰਪ੍ਰੀਤ ਸਿੰਘ
ਸ੍ਰੀ ਅਨੰਦਪੁਰ ਸਾਹਿਬ, 15 ਅਕਤੂਬਰ (ਤਲਵਿੰਦਰ ਸਿੰਘ ਬੁੱਟਰ)
ਸਾਧਵੀਆਂ ਨਾਲ ਬਲਾਤਕਾਰ ਅਤੇ ਪੱਤਰਕਾਰ ਰਾਮਚੰਦਰ ਛਤਰਪਤੀ ਤੇ ਡੇਰਾ ਮੈਨੇਜਰ ਰਣਜੀਤ ਸਿੰਘ ਹੱਤਿਆ ਮਾਮਲੇ ਵਿਚ ਸਜ਼ਾ ਭੁਗਤ ਰਹੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਇਕ ਸਾਲ ਦੇ ਅੰਦਰ ਤੀਜੀ ਵਾਰ ਲਗਪਗ ਚਾਲੀ ਦਿਨ ਦੀ ਮਿਲੀ ਪੈਰੋਲ ਦੇ ਪ੍ਰਸੰਗ ਵਿਚ ਭਾਰਤੀ ਕਾਨੂੰਨ-ਪ੍ਰਣਾਲੀ ਪ੍ਰਤੀ ਬੇਵਿਸਾਹੀ ਭਰੀ ਟਿੱਪਣੀ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਹਾਥੀ ਦੇ ਦੰਦ ਦਿਖਾਉਣ ਨੂੰ ਹੋਰ ਤੇ ਖਾਣ ਨੂੰ ਹੋਰ ਵਾਲੀ ਕਹਾਵਤ ਭਾਰਤੀ ਕਾਨੂੰਨ ‘ਤੇ ਪੂਰੀ ਤਰ੍ਹਾਂ ਢੁੱਕਦੀ ਹੈ।
ਹਰਿਆਣਾ ਦੀ ਆਦਮਪੁਰ ਜ਼ਿਮਨੀ ਚੋਣ ਤੋਂ ਐਨ ਪਹਿਲਾਂ, ਸੁਨਾਰੀਆ ਜੇਲ੍ਹ੍ਹ ਵਿਚ ਨਜ਼ਰਬੰਦ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਮਿਲਣ ਤੋਂ ਬਾਅਦ ਸ਼ੁੱਕਰਵਾਰ ਦੀ ਦੇਰ ਰਾਤ ਨੂੰ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਅਧਿਕਾਰਤ ਫੇਸਬੁਕ ਪੇਜ਼ ‘ਤੇ ਸਟੇਟਸ ਲਿਖ ਕੇ ਕਿਹਾ ਹੈ ਕਿ, ਸਕੂਲ ‘ਚ ਪੜ੍ਹਾਇਆ ਜਾਂਦਾ ਸੀ ਕਿ ਕਾਨੂੰਨ ਦੀ ਨਜ਼ਰ ਵਿਚ ਸਭ ਬਰਾਬਰ ਹਨ ਪਰ ਇਹ ਸੱਚ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦੂਜਿਆਂ ਪ੍ਰਤੀ ਭਾਰਤੀ ਕਾਨੂੰਨ ਨਰਮ ਹੈ, ਚਾਹੇ ਉਹ ਬਲਾਤਕਾਰੀ ਹੀ ਕਿਉਂ ਨਾ ਹੋਣ ਤੇ ਆਪਣੇ ਹੱਕਾਂ ਲਈ ਲੜਣ ਵਾਲੇ ਸਿੱਖ, ਜਿਹੜੇ ਆਪਣੀ ਕੈਦ ਦੀ ਮਿਆਦ ਵੀ ਖਤਮ ਕਰ ਚੁੱਕੇ ਹਨ, ਉਨ੍ਹਾਂ ਲਈ ਕਾਨੂੰਨ ਸਖਤ ਹਨ।
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਿਛਲੇ ਕਈ ਮਹੀਨਿਆਂ ਤੋਂ 9 ਬੰਦੀ ਸਿੰਘਾਂ ਦੀ, ਜਿਹੜੇ ਪੰਜਾਬ ਵਿਚ ਅੱਸੀਵਿਆਂ ਤੇ ਨੱਬੇਵਿਆਂ ਦੌਰਾਨ ਰਾਜਨੀਤਕ ਕਾਰਨਾਂ ਕਰਕੇ ਛਿੜੇ ਰਹੇ ਸਿੱਖ ਜੰਗਜੂ ਸੰਘਰਸ਼ ਸਮੇਂ ਵੱਖ-ਵੱਖ ਜ਼ੁਰਮਾਂ ਵਿਚ ਸ਼ਾਮਲ ਰਹੇ ਹਨ, ਦੀ ਰਿਹਾਈ ਲਈ ਕੇਂਦਰ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ। ਲਗਪਗ ਢਾਈ-ਤਿੰਨ ਦਹਾਕਿਆਂ ਤੋਂ ਜੇਲ੍ਹਾਂ ਵਿਚ ਨਜ਼ਰਬੰਦ ਇਨ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਕੇਂਦਰ ਸਰਕਾਰ ਨੇ ਐਲਾਨ ਵੀ ਕੀਤਾ ਸੀ ਪਰ ਇਨ੍ਹਾਂ ਦੀ ਰਿਹਾਈ ਨਹੀਂ ਹੋ ਸਕੀ। ਇਨ੍ਹਾਂ ਵਿਚੋਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਵਰਗਿਆਂ ਦੀ ਲੰਬੀ ਨਜ਼ਰਬੰਦੀ ਕਾਰਨ ਮਾਨਸਿਕ ਹਾਲਤ ਵੀ ਆਮ ਵਰਗੀ ਨਹੀਂ ਰਹੀ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਈ ਮਹੀਨੇ ਪਹਿਲਾਂ ਇਨ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਕਮੇਟੀ ਨੂੰ ਵੱਡੇ ਪੱਧਰ ‘ਤੇ ਕਾਨੂੰਨੀ ਪੈਰਵਾਈ ਕਰਨ ਦਾ ਆਦੇਸ਼ ਦਿੱਤਾ ਸੀ।
ਦੂਜੇ ਪਾਸੇ ਪਿਛਲੇ ਸਮੇਂ ਦੌਰਾਨ ਡੇਰਾ ਮੁਖੀ ਰਾਮ ਰਹੀਮ ਤੋਂ ਇਲਾਵਾ, ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਰਿਹਾਈ ਅਤੇ 2002 ਦੇ ਗੁਜਰਾਤ ਦੰਗਿਆਂ ਦੌਰਾਨ ਬਹੁਚਰਚਿਤ ਬਿਲਕਸ ਬਾਨੋ ਜਬਰ-ਜਨਾਹ ਤੇ ਕਤਲ ਮਾਮਲੇ ਦੇ ਦੋਸ਼ੀਆਂ ਨੂੰ ਵੀ ਚੰਗੇ ਚਾਲ-ਚਲਣ ਦੇ ਆਧਾਰ ‘ਤੇ ਰਿਹਾਅ ਕੀਤਾ ਜਾ ਚੁੱਕਾ ਹੈ। ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਨਾ ਕਰਨ ਅਤੇ ਦੂਜੇ ਪਾਸੇ ਡੇਰਾ ਮੁਖੀ ਨੂੰ ਇਕ ਸਾਲ ਅੰਦਰ ਤਿੰਨ ਵਾਰ ਪੈਰੋਲ ਮਿਲਣ ‘ਤੇ ਵੱਡੇ ਸਵਾਲ ਕਰ ਚੁੱਕੇ ਹਨ। ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਇਸ ਸਬੰਧ ਵਿਚ ਮਹੱਤਵਪੂਰਨ ਬਿਆਨ ਦੇ ਪੰਜਾਬ ਦੀ ਸਿੱਖ ਰਾਜਨੀਤੀ ‘ਤੇ ਵੱਡੇ ਪ੍ਰਭਾਵ ਪੈਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।

VIA PUNJAB