ਬਹਿਬਲ ਕਲਾਂ ਗੋਲੀਬਾਰੀ ਦੇ ਮਾਮਲੇ ’ਚ ਐਸ.ਆਈ.ਟੀ. ਵੱਲੋਂ ਅਕਾਲੀਆਂ ਨੂੰ ਕੋਈ ਕਲੀਨ ਚਿੱਟ ਨਹੀਂ : ਕੈਪਟਨ ਅਮਰਿੰਦਰ ਸਿੰਘ

ਰੂਪਨਗਰ – ਬਹਿਬਲ ਕਲਾਂ ਗੋਲੀਬਾਰੀ ਦੇ ਮਾਮਲੇ ਵਿਚ ਅਕਾਲੀ ਲੀਡਰਸ਼ਿਪ ਨੂੰ ਐਸ.ਆਈ.ਟੀ. ਵਲੋਂ ਕਲੀਨ ਚਿਟ ਦਿਤੇ ਜਾਣ ਦੀਆਂ ਰਿਪੋਰਟਾਂ ਨੂੰ ਰਦ ਕਰਦਿਆਂ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਜੇ ਤਕ ਅਦਾਲਤ ਵਿਚ ਇਕਹਿਰਾ ਚਲਾਨ ਪੇਸ਼ ਕੀਤਾ ਗਿਆ ਹੈ ਜਿਸ ਦਾ ਵਿਸ਼ਲੇਸ਼ਣ ਗਲਤ ਢੰਗ ਨਾਲ ਕਰਕੇ ਇਸ ਦਾ ਅਰਥ ਇਹ ਕਢਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿਚ ਅਕਾਲੀ ਬੇਗੁਨਾਹ ਹਨ।ਲੋਕ ਸਭਾ ਹਲਕਾ ਸ਼੍ਰੀ ਅਨੰਦ ਪੁਰ ਸਾਹਿਬ ਤੋਂ  ਕਾਂਗਰਸ ਉਮੀਦਵਾਰ ਮਨੀਸ਼ ਤਿਵਾੜੀ  ਦੇ ਨਾਮਜ਼ਗਦੀ ਪਤਰ ਦਾਖਲ ਕਰਨ ਤੋਂ ਬਾਅਦ ਪਤਰਕਾਰਾਂ ਨਾਲ ਗੈਰ-ਰਸਮੀ ਗਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੀਡੀਆ ਚੋਣਵੀਂ ਸੂਚਨਾ ਨੂੰ ਤੋੜ-ਮਰੋੜ ਕੇ ਇਸ ਦੇ ਗਲਤ ਅਰਥ ਕਢ ਰਿਹਾ ਹੈ ਜਿਸ ਦਾ ਐਸ.ਆਈ.ਟੀ. ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਸ੍ਰੀ ਘੁਬਾਇਆ ਇਸ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਰੁਧ ਚੋਣ ਲੜ ਰਹੇ ਹਨ।ਮੁਖ ਮੰਤਰੀ ਨੇ ਕਿਹਾ ਕਿ ਅਸਲ ਵਿਚ ਐਸ.ਆਈ.ਟੀ. ਨੇ ਪਹਿਲਾਂ ਹੀ ਸਪਸ਼ਟ ਕੀਤਾ ਹੋਇਆ ਹੈ ਕਿ ਇਸ ਮਾਮਲੇ ਵਿਚ ਜਾਂਚ-ਪੜਤਾਲ ਅਜੇ ਚਲ ਰਹੀ ਹੈ ਅਤੇ ਇਹ ਪਹਿਲਾਂ ਪੇਸ਼ ਕੀਤੇ ਚਲਾਨ ਜੋ ਕਿ ਇਕ ਪੁਲੀਸ ਅਧਿਕਾਰੀ ਖਿਲਾਫ਼ ਦਰਜ ਕੀਤਾ ਗਿਆ ਹੈ, ਤੋਂ ਇਲਾਵਾ ਸਪਲੀਮੈਂਟਰੀ ਚਲਾਨ ਪੇਸ਼ ਕਰੇਗੀ। ਮੁਖ ਮੰਤਰੀ ਨੇ ਸਵਾਲ ਕਰਦੇ ਹੋਏ ਪੁਛਿਆ ਹੋਇਆ ਕਿ ਇਕ ਅੰਸ਼ਕ ਜਾਂਚ ਅਤੇ ਇਕਹਿਰੇ ਚਲਾਨ ਤੋਂ ਅਕਾਲੀਆਂ ਨੂੰ ਕਲੀਨ ਚਿਟ ਦਿਤੇ ਹੋਣ ਦਾ ਮਤਲਬ ਕਿਸ ਤਰਾਂ ਕਢਿਆ ਜਾ ਸਕਦਾ ਹੈ। ਮੁਖ ਮੰਤਰੀ ਨੇ ਦੁਹਰਾਇਆ ਕਿ ਜਦੋਂ ਇਸ ਮਾਮਲੇ ਵਿਚ ਇਕ ਵਾਰੀ ਜਾਂਚ ਮੁਕੰਮਲ ਹੋ ਜਾਵੇਗੀ ਤਾਂ ਇਸ ਵਿਚ ਸ਼ਾਮਲ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ, ਭਾਵੇਂ ਉਹ ਕਿਡਾ ਵੀ ਵਡਾ ਕਿਉਂ ਨਾ ਹੋਵੇ ਅਤੇ ਉਸ ਨੂੰ ਕਾਨੂੰਨ ਅਨੁਸਾਰ ਸਜ਼ਾ ਯਕੀਨੀ ਬਣਾਈ ਜਾਵੇਗੀ। ਉਨਾਂ ਨੇ ਇਕ ਵਾਰ ਫਿਰ ਸਪਸ਼ਟ ਕੀਤਾ ਕਿ ਉਹ ਬਾਦਲਾਂ ਜਾਂ ਕਿਸੇ ਹੋਰ ਵਿਰੁਧ ਇਸ ਜਾਂ ਹੋਰ ਮਾਮਲਿਆਂ ਵਿਚ ਸਿਆਸੀ ਬਦਲਾਖੋਰੀ ਨਹੀਂ ਅਪਣਾਉਣਗੇ।ਬੇਮੌਸਮੇ ਮੀਂਹ ਨਾਲ ਫਸਲਾਂ ਨੂੰ ਹੋਏ ਨੁਕਸਾਨ ਦੇ ਸਬੰਧ ਵਿਚ ਪੁਛੇ ਗਏ ਸਵਾਲ ਦੇ ਜਵਾਬ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਸਪਸ਼ਟ ਕੀਤਾ ਕਿ ਉਨਾਂ ਦੀ ਸਰਕਾਰ ਕਣਕ ਦੇ ਬਦਰੰਗ ਹੋਣ ਕਾਰਨ ਖਰੀਦ ਵੇਲੇ ਭਾਅ ਵਿਚ ਕਿਸੇ ਵੀ ਤਰਾਂ ਦੀ ਕੇਂਦਰ ਸਰਕਾਰ ਨੂੰ ਕੋਈ ਕਟੌਤੀ ਨਹੀਂ ਲਾਉਣ ਦੇਵੇਗੀ। ਉਨਾਂ ਪੁਛਿਆ,‘‘ਕੁਦਰਤੀ ਆਫ਼ਤ ਲਈ ਕਿਸਾਨ ਕਿਉਂ ਨੁਕਸਾਨ ਉਠਾਉਣ?‘‘ ਉਨਾਂ ਕਿਹਾ ਕਿ ਉਨਾਂ ਦੀ ਸਰਕਾਰ ਕੇਂਦਰ ਕੋਲ ਪਹੁੰਚ ਕਰਕੇ ਇਹ ਯਕੀਨੀ ਬਣਾਏਗੀ ਕਿ ਕਿਸਾਨਾਂ ਨੂੰ ਕੋਈ ਨੁਕਸਾਨ ਨਾ ਪੁਜੇ।

VIA PUNJAB