ਭਾਰਤ ਨੇ ਆਪਣੀ ਆਜ਼ਾਦ ਨੀਤੀ ਦੀ ਪਾਲਣਾ ਕੀਤੀ: ਜਨਰਲ ਰਾਵਤ

ਨਵੀਂ ਦਿੱਲੀ – ਅਮਰੀਕਾ ਦੇ ਡਰ ਦਰਮਿਆਨ ਭਾਰਤੀ ਫੌਜ ਦੇ ਮੁਖੀ ਜਨਰਲ ਬਿਪਿਨ ਰਾਵਤ ਨੇ ਐਸ-400 ਸਮਝੌਤੇ ’ਤੇ ਟਿੱਪਣੀ ਕਰਦਿਆਂ ਐਤਵਾਰ ਨੂੰ ਕਿਹਾ ਕਿ ਭਾਰਤ ਆਪਣੀ ਆਜ਼ਾਦਾਨਾ ਨੀਤੀ ਦੀ ਪਾਲਣਾ ਕਰ ਰਿਹਾ ਹੈ ਅਤੇ ਮਾਸਕੋ ਤੋਂ ਕਾਮੋਵ ਹੈਲੀਕਾਪਟਰ ਅਤੇ ਹੋਰ ਜੰਗੀ ਸਾਜ਼ੋ ਸਾਮਾਨ ਪ੍ਰਾਪਤ ਕਰਨ ਲਈ ਉਤਸੁਕ ਹੈ। ਭਾਰਤ ਅਤੇ ਰੂਸ ਨੇ ਸ਼ੁੱਕਰਵਾਰ ਨੂੰ ਅਰਬਾਂ ਡਾਲਰ ਦੇ ਐਸ-400 ਸਮਝੌਤੇ ’ਤੇ ਹਸਤਾਖ਼ਰ ਕੀਤੇ ਸਨ ਜੋ ਕਿ ਅਮਰੀਕਾ ਵਿਰੋਧੀ ਗਤੀਵਿਧੀਆਂ ਨੂੰ ਰੋਕਣ ਸਬੰਧੀ ਅਮਰੀਕੀ ਐਕਟ (ਕਾਸਟਾ) ਅਧੀਨ ਆ ਸਕਦੇ ਹਨ। ਅਮਰੀਕਾ ਨੇ ਇਸ ਐਕਟ ਤਹਿਤ ਰੂਸ, ਇਰਾਨ ਅਤੇ ਉੱਤਰੀ ਕੋਰੀਆ ਲਈ ਕੁਝ ਮਾਪਦੰਡ ਨਿਰਧਾਰਤ ਕੀਤੇ ਹਨ। ਭਾਰਤ ਅਤੇ ਅਮਰੀਕਾ ਨੇ ਇਸ ਸਮਝੌਤੇ ਤਹਿਤ ਅਮਰੀਕੀ ਚੇਤਾਵਨੀ ਨੂੰ ਦਰਕਿਨਾਰ ਕਰਦਿਆਂ ਆਪਣੇ ਦੁਵੱਲੇ ਵਪਾਰ ਵੱਲ ਧਿਆਨ ਕੇਂਦਰਤ ਕੀਤਾ। ਜਨਰਲ ਰਾਵਤ ਜੋ ਛੇ ਦਿਨਾਂ ਦੇ ਰੂਸ ਦੇ ਦੌਰੇ ਤੋਂ ਸ਼ਨਿਚਰਵਾਰ ਨੂੰ ਪਰਤੇ ਹਨ, ਨੇ ਇਥੇ ਦੋਵਾਂ ਦੇਸ਼ਾਂ ਦੇ ਸਬੰਧਾਂ ’ਤੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਰੂਸ ਦਾ ਭਾਰਤ ਦੀ ਫੌਜ ਵੱਲ ਬਹੁਤ ਝੁਕਾਅ ਹੈ ਕਿਉਂਕਿ ਉਹ ਭਾਰਤੀ ਫੌਜ ਦੀ ਤਾਕਤ ਨੂੰ ਜਾਣਦੇ ਹਨ। ਉਹ ਇਥੇ ਜਨਰਲ ਕੇਵੀ ਕਿ੍ਸ਼ਨਾ ਰਾਓ ਮੈਮੋਰੀਅਲ ਵਿਖੇ ਇਕ ਸਮਾਗਮ ਦੌਰਾਨ ਲੈਕਚਰ ਦੇ ਰਹੇ ਸਨ।

VIA PUNJAB