ਮਨਜੀਤ ਸਿੰਘ ਜੀ.ਕੇ. ਖ਼ਿਲਾਫ਼ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ

ਨਵੀਂ ਦਿਲੀ – ਦਿਲੀ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਚੁਕੇ ਸ਼੍ਰੋਮਣੀ ਅਕਾਲੀ ਦਲ ਦਿਲੀ ਇਕਾਈ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਸਮੇਤ ਡੀ.ਐਸ.ਜੀ.ਐਮ.ਸੀ. ਦੇ ਉਚ ਅਹੁਦੇਦਾਰ ਰਹਿ ਚੁਕੇ ਤਿੰਨ ਵਿਅਕਤੀਆਂ ’ਤੇ ਕੇਸ ਦਰਜ ਕੀਤਾ ਗਿਆ ਹੈ। ਦਿਲੀ ਦੇ ਨਾਰਥ ਐਵੇਨਿਊ ਥਾਣੇ ’ਚ ਕਮੇਟੀ ਦੇ ਸਾਬਕਾ ਜਨਰਲ ਸਕਤਰ ਗੁਰਮੀਤ ਸਿੰਘ ਸ਼ੰਟੀ ਦੀ ਸ਼ਿਕਾਇਤ ’ਤੇ ਦਿਲੀ ਪੁਲਿਸ ਨੇ ਧੋਖਾਧੜੀ, ਭ੍ਰਿਸ਼ਟਾਚਾਰ ਤੇ ਗੁਰਦੁਆਰੇ ਦੇ ਫੰਡਾਂ ਦੀ ਦੁਰਵਰਤੋਂ ਕਰਨ ਦੇ ਇਲਜ਼ਾਮ ਤਹਿਤ ਕੇਸ ਦਰਜ ਕੀਤਾ ਹੈ। ਹੁਣ ਮਨਜੀਤ ਸਿੰਘ ਜੀ.ਕੇ. ਨੂੰ ਜਲਦ ਹੀ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਸ੍ਰੀ ਜੀ.ਕੇ. ਦੇ ਨਾਲ ਸੂਬੇਦਾਰ ਹਰਜੀਤ ਸਿੰਘ ਤੇ ਅਮਰਜੀਤ ਸਿੰਘ ਪਪੂ ਵਿਰੁਧ ਵੀ ਕੇਸ ਦਰਜ ਕੀਤਾ ਗਿਆ ਹੈ। ਦਰਅਸਲ, ਦਿਲੀ ਦੀ ਪਟਿਆਲਾ ਕੋਰਟ ਨੇ ਬੀਤੇ ਕਲ੍ਹ ਮਨਜੀਤ ਸਿੰਘ ਜੀ.ਕੇ. ਦੀ ਐਫ.ਆਈ.ਆਰ. ਰਦ ਕਰਨ ਦੀ ਪਟੀਸ਼ਨ ਖਾਰਜ ਕਰ ਦਿਤੀ ਸੀ ਤੇ ਹੁਣ ਉਨ੍ਹਾਂ ਖਿਲਾਫ ਕੇਸ ਦਰਜ ਹੋ ਗਿਆ ਹੈ। ਉਨ੍ਹਾਂ ਖ਼ਿਲਾਫ਼ ਕਮੇਟੀ ’ਚ ਕਥਿਤ ਤੌਰ ’ਤੇ ਭ੍ਰਿਸ਼ਟਾਚਾਰ ਕਰਨ ਦੇ ਦੋਸ਼ ਲਗੇ ਹਨ। ਪਟਿਆਲਾ ਹਾਊਸ ਅਦਾਲਤ ਦੇ ਸੈਸ਼ਨ ਜਜ ਸਤੀਸ਼ ਕੁਮਾਰ ਅਰੋੜਾ ਨੇ 7 ਜਨਵਰੀ ਨੂੰ ਕੇਸ ਦੀ ਸੁਣਵਾਈ ਮਗਰੋਂ ਫ਼ੈਸਲਾ ਰਾਖਵਾਂ ਰਖ ਲਿਆ ਸੀ। ਇਹ ਮਾਮਲਾ ਦਿਲੀ ਕਮੇਟੀ ਦੇ ਸਾਬਕਾ ਜਨਰਲ ਸਕਤਰ ਤੇ ਮੌਜੂਦਾ ਆਜ਼ਾਦ ਮੈਂਬਰ ਗੁਰਮੀਤ ਸਿੰਘ ਸ਼ੰਟੀ ਵਲੋਂ ਹੇਠਲੀ ਅਦਾਲਤ ’ਚ ਦਾਇਰ ਕਰਵਾਇਆ ਗਿਆ ਸੀ। ਇਸ ਨੂੰ ਮਨਜੀਤ ਸਿੰਘ ਜੀ.ਕੇ. ਨੇ ਸੈਸ਼ਨ ਅਦਾਲਤ ’ਚ ਚੁਣੌਤੀ ਦਿਤੀ ਸੀ।

VIA PUNJAB