ਮੁੱਖ ਮੰਤਰੀ ਵੱਲੋਂ ਪਟਿਆਲਾ ਸ਼ਹਿਰੀ ਦੇ ਸਾਬਕਾ ਡੀਸੀਸੀ ਪ੍ਰਧਾਨ ਪ੍ਰੇਮ ਕਿਸ਼ਨ ਪੁਰੀ ਦੀ ਮੌਤ ‘ਤੇ ਦੁੱਖ ਪ੍ਰਗਟ

ਚੰਡੀਗੜ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜ਼ਿਲਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਪ੍ਰੇਮ ਕਿਸ਼ਨ ਪੁਰੀ (79) ਦੀ ਮੌਤ ‘ਤੇ ਡੁੰਘਾ ਦੁੱਖ ਪ੍ਰਗਟ ਕੀਤਾ ਹੈ। ਉਹ ਅੱਜ ਦੁਪਹਿਰ ਦਿਲ ਦਾ ਦੋਰਾ ਪੈਣ ਕਾਰਨ ਵਿਛੋੜਾ ਦੇ ਗਏ। ਉਹ ਆਪਣੇ ਪਿਛੇ ਆਪਣੀ ਪਤਨੀ ਅਤੇ ਤਿੰਨ ਪੁੱਤਰ ਛੱਡ ਗਏ ਹਨ। ਆਪਣੇ ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਸ੍ਰੀ ਪੁਰੀ ਨੂੰ ਪਾਰਟੀ ਦਾ ਇੱਕ ਸਮਰਪਿਤ ਸਿਪਾਹੀ ਦੱਸਿਆ ਜਿਨਾਂ ਨੇ ਪਾਰਟੀ ਨੂੰ ਮਜ਼ਬੂਤ ਬਣਾਉਣ ਲਈ ਅਣਥੱਕ ਕਾਰਜ ਕਰਨ ਤੋਂ ਇਲਾਵਾ ਖਿੱਤੇ ਦੇ ਸਮੁੱਚੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਮੋਹਰੀ ਭੂਮਿਕਾ ਨਿਭਾਈ। ਸਮਾਜ ਦੇ ਦਬੇ-ਕੁਚਲੇ ਅਤੇ ਥੁੜਾਂਮਾਰੇ ਵਰਗਾਂ ਦੇ ਵਾਸਤੇ ਪੁਰੀ ਦੇ ਵੱਡੇ ਯੋਗਦਾਨ ਨੂੰ ਯਾਦ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਆਪਣੇ ਗੁਣਾਂ ਦੇ ਕਾਰਨ ਹਮੇਸ਼ਾਂ ਹੀ ਯਾਦ ਕੀਤੇ ਜਾਣਗੇ। ਉਨਾਂ ਕਿਹਾ ਕਿ ਸ੍ਰੀ ਪੁਰੀ ਦੀ ਮੌਤ ਦਾ ਪਾਰਟੀ ਸਰਕਲ ਵਿੱਚ ਇੱਕ ਖਲਾਅ ਪੈਦਾ ਹੋ ਗਿਆ ਹੈ ਜਿਸ ਨੂੰ ਭਰਿਆ ਜਾਣਾ ਮੁਸ਼ਕਿਲ ਹੈ। ਸ੍ਰੀ ਪੁਰੀ ਦੋ ਵਾਰ ਕੌਂਸਲਰ ਚੁਣੇ ਗਏ ਅਤੇ 2006 ਤੋਂ ਜਨਵਰੀ, 2019 ਤੱਕ ਪਟਿਆਲਾ ਸ਼ਹਿਰੀ ਦੇ ਡੀ.ਸੀ.ਸੀ ਦੇ ਪ੍ਰਧਾਨ ਰਹੇ। ਉਨਾਂ ਨੇ ਪੰਜਾਬ ਰਾਜ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੇ ਬੋਰਡ ਆਫ ਡਾਇਰੈਕਟਰਜ਼ ਦੇ ਡਾਇਰੈਕਟਰ ਵਜੋਂ ਸੇਵਾ ਨਿਭਾਈ। ਦੁਖੀ ਪਰਿਵਾਰ ਦੇ ਮੈਂਬਰਾਂ, ਮਿਤਰਾਂ ਅਤੇ ਰਿਸ਼ਤੇਦਾਰਾਂ ਨਾਲ ਆਪਣਾ ਦੁਖ ਸਾਂਝਾ ਕਰਦੇ ਹੋਏ ਮੁੱਖ ਮੰਤਰੀ ਨੇ ਵਿਛੜੀ ਆਤਮਾ ਦੀ ਰੂਹ ਦੀ ਸ਼ਾਂਤੀ ਅਤੇ ਇਹ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਸਹਿਣ ਕਰਨ ਲਈ ਬਲ ਬੱਖਸ਼ਣ ਵਾਸਤੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ।

VIA PUNJAB