ਯੂ. ਪੀ. ਦੇ ਸ਼ਾਹਜਹਾਂਪੁਰ ਵਿੱਚ ਟਰੱਕ ਅਤੇ ਟਰੇਨ ਵਿਚਾਲੇ ਟੱਕਰ ਨਾਲ 5 ਵਿਅਕਤੀਆਂ ਦੀ ਮੌਤ

ਸ਼ਾਹਜਹਾਂਪੁਰ – ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲ੍ਹੇ ਵਿਚ ਇਕ ਰੇਲਵੇ ਕ੍ਰਾਸਿੰਗ ਤੇ ਇਕ ਭਿਆਨਕ ਟਰੇਨ ਹਾਦਸਾ ਵਾਪਰ ਗਿਆ, ਜਿਸ ਵਿੱਚ ਇਕ ਬੱਚੇ ਸਮੇਤ 5 ਵਿਅਕਤੀਆਂ ਦੀ ਮੌਤ ਹੋ ਗਈ। ਜਦਕਿ ਅੱਧਾ ਦਰਜਨ ਵਿਅਕਤੀ ਜ਼ਖਮੀ ਹੋਏ ਹਨ। ਦਰਅਸਲ ਦਿੱਲੀ ਵਲੋਂ ਆ ਰਹੀ ਲਖਨਊ- ਚੰਡੀਗੜ੍ਹ ਸੁਪਰਫਾਸਟ ਟਰੇਨ ਦੇ ਟਕਰਾਉਣ ਨਾਲ ਟਰੱਕ ਵਿੱਚ ਸਵਾਰ 5 ਵਿਅਕਤੀਆਂ ਦੀ ਮੌਤ ਹੋ ਗਈ। ਇਸ ਹਾਦਸੇ ਕਾਰਨ ਘੱਟੋ-ਘੱਟ 18 ਟਰੇਨਾਂ ਪ੍ਰਭਾਵਿਤ ਹੋਈਆਂ ਹਨ, ਜਿਨ੍ਹਾਂ ਵਿੱਚ 8 ਮਾਲਗੱਡੀਆਂ ਸ਼ਾਮਲ ਹਨ। ਹਾਦਸੇ ਦੌਰਾਨ ਟਰੇਨ ਵਿਚ ਸਵਾਰ ਕਰੀਬ 850 ਯਾਤਰੀਆਂ ਵਿਚੋਂ ਕਿਸੇ ਨੂੰ ਵੀ ਕੋਈ ਜਾਨੀ ਨੁਕਸਾਨ ਨਹੀਂ ਪਹੁੰਚਿਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਸਵੇਰੇ ਸਾਢੇ 5 ਵਜੇ ਦੇ ਕਰੀਬ ਵਾਪਰਿਆ। ਜਦੋਂ ਕਟੜਾ ਥਾਣਾ ਖੇਤਰ ਦੇ ਨੈਸ਼ਨਲ ਹਾਈਵੇਅ 24 ਸਥਿਤ ਉਲਹਾਸਨਗਰ ਰੇਲਵੇ ਕ੍ਰਾਸਿੰਗ ਤੇ ਇਕ ਟਰੇਨ ਦੀ ਟਰੱਕ ਅਤੇ ਬਾਈਕ ਨਾਲ ਟੱਕਰ ਹੋਣ ਕਾਰਨ 5 ਵਿਅਕਤੀਆਂ ਦੀ ਮੌਤ ਹੋ ਗਈ। ਇਸ ਹਾਦਸੇ ਵਿਚ ਵਾਹਨਾਂ ਦੇ ਪਰਖੱਚੇ ਉਡ ਗਏ ਅਤੇ 5 ਵਿਅਕਤੀਆਂ ਨੂੰ ਆਪਣੀ ਜਾਨ ਗੁਆਉਣੀ ਪਈ।ਦੂਜੇ ਪਾਸੇ ਸ਼ਾਹਜਹਾਂਪੁਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਮੁਤਾਬਕ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਇਸ ਹਾਦਸੇ ਬਾਰੇ ਜਾਣਕਾਰੀ ਲਈ ਹੈ। ਉਨ੍ਹਾਂ ਮ੍ਰਿਤਕਾਂ ਦੇ ਪਰਿਵਾਰਾਂ ਲਈ 2-2 ਲੱਖ ਰੁਪਏ ਦੀ ਆਰਥਿਕ ਮਦਦ ਦਾ ਐਲਾਨ ਕੀਤਾ ਹੈ। ਹਾਦਸੇ ਮਗਰੋਂ ਲੱਗਭਗ 2 ਘੰਟੇ ਤੱਕ ਰੇਲਵੇ ਟਰੈੱਕ ਤੇ ਆਵਾਜਾਈ ਰੋਕ ਦਿੱਤੀ ਗਈ। ਮੌਕੇ ਤੇ ਜ਼ਿਲ੍ਹਾ ਅਧਿਕਾਰੀ ਇੰਦਰ ਵਿਕ੍ਰਮ ਸਿੰਘ, ਪੁਲੀਸ ਸੁਪਰਡੈਂਟ ਐੱਸ. ਆਨੰਦ ਟੀਮ ਨਾਲ ਪੁੱਜੇ। ਜ਼ਿਲ੍ਹਾ ਅਧਿਕਾਰੀ ਦਾ ਕਹਿਣਾ ਹੈ ਕਿ ਹਾਦਸਾ ਗੇਟਮੈਨ ਦੀ ਲਾਪਰਵਾਹੀ ਨਾਲ ਹੋਇਆ ਹੈ ਜਾਂ ਫਿਰ ਸਿਗਨਲ ਦੇ ਫੇਲ੍ਹ ਹੋਣ ਨਾਲ ਹੋਇਆ ਹੈ। ਇਸ ਗੱਲ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ।

VIA PUNJAB