ਰੇਲਵੇ ਦੇ ਨਿੱਜੀਕਰਨ ਦੀ ਕੋਈ ਯੋਜਨਾ ਨਹੀਂ: ਪਿਯੂਸ਼ ਗੋਇਲ

ਕੇਂਦਰੀ ਮੰਤਰੀ ਪਿਯੂਸ਼ ਗੋਇਲ ਨੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਰੇਲਵੇ ਦੇ ਨਿੱਜੀਕਰਨ ਦੀ ਕੋਈ ਯੋਜਨਾ ਨਹੀਂ ਹੈ। ਉਨ੍ਹਾਂ ਰਾਜਧਾਨੀ ਅਤੇ ਸ਼ਤਾਬਦੀ ਐਕਸਪ੍ਰੈੱਸ ਜਿਹੀਆਂ ਰੇਲ ਗੱਡੀਆਂ ਨੂੰ ਵੀ ਨਿੱਜੀ ਹੱਥਾਂ ’ਚ ਦੇਣ ਤੋਂ ਇਨਕਾਰ ਕੀਤਾ ਹੈ। ਇਨ੍ਹਾਂ ਰੇਲਾਂ ਅਤੇ ਪੂਰੇ ਰੇਲਵੇ ਦੇ ਨਿੱਜੀਕਰਨ ਬਾਰੇ ਰਾਜ ਸਭਾ ’ਚ ਪੁੱਛੇ ਗਏ ਸੁਆਲ ਦੇ ਲਿਖਤੀ ਜੁਆਬ ’ਚ ਸ੍ਰੀ ਗੋਇਲ ਨੇ ਕਿਹਾ ਕਿ ਇਸ ਬਾਬਤ ਕੋਈ ਯੋਜਨਾ ਨਹੀਂ ਬਣਾਈ ਗਈ ਹੈ। ਮੰਤਰਾਲੇ ਨੇ ਆਪਣੀ 100 ਦਿਨਾਂ ਦੀ ਯੋਜਨਾ ਤਹਿਤ ਦੋ ਰੇਲਾਂ ਆਈਆਰਸੀਟੀਸੀ ਨੂੰ ਸੌਂਪਣ ਦੀ ਤਜਵੀਜ਼ ਬਣਾਈ ਹੈ ਤਾਂ ਜੋ ਟਿਕਟ ਸਮੇਤ ਹੋਰ ਸੇਵਾਵਾਂ ਰੇਲ ’ਚ ਮੁਹੱਈਆ ਕਰਵਾਈਆਂ ਜਾ ਸਕਣ। ਯੋਜਨਾ ਤਹਿਤ ਇਹ ਰੇਲਾਂ ਮਹੱਤਵਪੂਰਨ ਰੂਟਾਂ ਅਤੇ ਵੱਡੇ ਸ਼ਹਿਰਾਂ ਨੂੰ ਜੋੜਨਗੀਆਂ। ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਸੁਰੇਂਦਰ ਨਾਥ ਨਾਗਰ ਨੇ ਸਵਾਲ ਪੁੱਛਿਆ ਸੀ ਕਿ ਕੀ ਸਰਕਾਰ ਰਾਜਧਾਨੀ ਅਤੇ ਸ਼ਤਾਬਦੀ ਵਰਗੀਆਂ ਰੇਲਾਂ ਦੇ ਨਿੱਜੀਕਰਨ ਦੀ ਯੋਜਨਾ ਬਣਾ ਰਹੀ ਹੈ। ਸ੍ਰੀ ਗੋਇਲ ਨੇ ਕਿਹਾ ਕਿ ਰਾਜਧਾਨੀ ਜਾਂ ਸ਼ਤਾਬਦੀ ਟਰੇਨਾਂ ਦੇ ਪ੍ਰਾਈਵੇਟਾਈਜ਼ੇਸ਼ਨ ਦੀ ਕੋਈ ਯੋਜਨਾ ਤਿਆਰ ਨਹੀਂ ਕੀਤੀ ਗਈ ਹੈ।

VIA PUNJAB