ਲੋਕਾਂ ਨੂੰ ਵਿਕਾਸ ਤੋਂ ਲਾਂਭੇ ਰੱਖਣ ਨਾਲ ਪੈਦਾ ਹੁੰਦੀ ਹੈ ਬਗ਼ਾਵਤ: ਰਾਹੁਲ

ਨਵੀਂ ਦਿੱਲੀ – ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਆਈਐੱਸਆਈਐੱਸ ਦੀ ਉਦਾਹਰਣ ਦਿੰਦਿਆਂ ਕਿਹਾ ਹੈ ਕਿ ਲੋਕਾਂ ਨੂੰ ਵੱਡੇ ਪੱਧਰ ਉੱਤੇ ਵਿਕਾਸ ਕਾਰਜਾਂ ਤੋਂ ਲਾਂਭੇ ਰੱਖਣ ਨਾਲ ਵਿਸ਼ਵ ਵਿੱਚ ਕਿਤੇ ਵੀ ਵੱਖਵਾਦੀ ਜਥੇਬੰਦੀਆਂ ਪੈਦਾ ਹੋ ਸਕਦੀਆਂ ਹਨ। ਜਰਮਨੀ ਦੇ ਸ਼ਹਿਰ ਹੈਮਬਰਗ ਵਿੱਚ ਬੁਕਰੀਅਸ ਸਕੂਲ ਵਿੱਚ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸ੍ਰੀ ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਆਦਿਵਾਸੀਆਂ, ਦਲਿਤਾਂ ਅਤੇ ਘੱਟ ਗਿਣਤੀਆਂ ਨੂੰ ਵਿਕਾਸ ਦੀ ਪ੍ਰਕਿਰਿਆ ਵਿੱਚੋਂ ਲਾਂਭੇ ਕਰ ਦਿੱਤਾ ਹੈ ਤੇ ਇਹ ਗੱਲ ਖਤਰਨਾਕ ਹੋ ਸਕਦੀ ਹੈ। ਉਨ੍ਹਾਂ ਕਿਹਾ,‘ ਇੱਕੀਵੀਂ ਸਦੀ ਵਿੱਚ ਲੋਕਾਂ ਨੂੰ ਲਾਂਭੇ ਕਰਨਾ ਬੇਹੱਦ ਖਤਰਨਾਕ ਹੋ ਸਕਦਾ ਹੈ। ਵੱਡੀ ਗਿਣਤੀ ਵਿੱਚ ਲੋਕਾਂ ਨੂੰ ਵਿਕਾਸ ਪ੍ਰਕਿਰਿਆ ਤੋਂ ਲਾਂਭੇ ਰੱਖਣਾ ਅਸਲ ਵਿੱਚ ਬਹੁਤ ਵੱਡਾ ਜ਼ੋਖ਼ਮ ਹੈ।’ ਉਨ੍ਹਾਂ ਨੇ ਭਾਰਤ ਵਿੱਚ ਹੋ ਰਹੀਆਂ ਜਨੂੰਨੀ ਹੱਤਿਆਵਾਂ ਨੂੰ ਬੇਰੁਜ਼ਗਾਰੀ ਤੇ ਉਨ੍ਹਾਂ ਗਰੀਬਾਂ ਲਈ ਮੌਕਿਆਂ ਦੀ ਘਾਟ ਨਾਲ ਜੋੜਿਆ, ਜਿਨ੍ਹਾਂ ਨੂੰ ਬਰਾਬਰ ਮੌਕੇ ਨਹੀਂ ਮਿਲ ਰਹੇ। ਉਨ੍ਹਾਂ ਕਿਹਾ ਕਿ ਭੀੜਤੰਤਰ ਵੱਲੋਂ ਕੀਤੀਆਂ ਜਾਂਦੀਆਂ ਹੱਤਿਆਵਾਂ ਪਿੱਛੇ ਨੌਕਰੀਆਂ ਨਾ ਮਿਲਣਾ, ਨੋਟਬੰਦੀ ਅਤੇ ਜੀਐੱਸਟੀ ਨੂੰ ਸਹੀ ਢੰਗ ਨਾਲ ਲਾਗੂ ਨਾ ਕਰਨ ਕਰਕੇ ਛੋਟੇ ਕਾਰੋਬਾਰਾਂ ਦਾ ਤਬਾਹ ਹੋਣਾ ਹੈ।

VIA PUNJAB