ਲੋਕ ਭਾਜਪਾ ਨੂੰ 50 ਹਫ਼ਤਿਆਂ ’ਚ ਦੇਣਗੇ ਜਵਾਬ: ਅਖਿਲੇਸ਼

ਨਵੀਂ ਦਿੱਲੀ – ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਵੱਲੋਂ ਅਗਲੇ 50 ਸਾਲ ਰਾਜ ਕਰਦੇ ਰਹਿਣ ਦੇ ਕੀਤੇ ਦਾਅਵੇ ’ਤੇ ਚੋਟ ਕਰਦਿਆਂ ਕਿਹਾ ‘‘ 50 ਸਾਲ ਦੀ ਤਾਂ ਗੱਲ ਹੀ ਰਹਿਣ ਦਿਓ, ਲੋਕ 50 ਹਫ਼ਤਿਆਂ ਵਿੱਚ ਹੀ ਆਪਣਾ ਫ਼ਤਵਾ ਸੁਣਾ ਦੇਣਗੇ।’’ ਅਖਿਲੇਸ਼ ਨੇ ਸਾਰੀਆਂ ਪਾਰਟੀਆਂ ਨੂੰ ਹੋਕਾ ਦਿੱਤਾ ਹੈ ਕਿ ਭਾਜਪਾ ਨੂੰ ਸੱਤਾ ਤੋਂ ਲਾਹੁਣ ਲਈ ਉਹ ਮਿਲ ਕੇ ਕੰਮ ਕਰਨ। ਜੇ ਭਾਜਪਾ ਨੂੰ ਉੱਤਰ ਪ੍ਰਦੇਸ਼ ਵਿੱਚ ਭਾਂਜ ਦੇ ਦਿੱਤੀ ਜਾਂਦੀ ਹੈ ਤਾਂ ਇਸ ਨੂੰ ਬਾਕੀ ਦੇਸ਼ ਵਿੱਚ ਹਰਾਉਣਾ ਔਖਾ ਨਹੀਂ ਹੋਵੇਗਾ। ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਨੇ ਐਨਡੀਟੀਵੀ ਯੁਵਾ ਸੰਮੇਲਨ ਵਿੱਚ ਸ਼ਿਰਕਤ ਕਰਦਿਆਂ ਕਿਹਾ ਕਿ ਕਾਂਗਰਸ ਦੀ ਸਭ ਤੋਂ ਵੱਧ ਜ਼ਿੰਮੇਵਾਰੀ ਹੈ ਤੇ ਇਸ ਨੂੰ ਫ਼ਰਾਖਦਿਲੀ ਦਾ ਮੁਜ਼ਾਹਰਾ ਕਰ ਕੇ ਸਭ ਨੂੰ ਨਾਲ ਲੈ ਕੇ ਚੱਲਣਾ ਪਵੇਗਾ ਤੇ ਵਿਰੋਧੀ ਧਿਰ ਦੀਆਂ ਸਾਰੀਆਂ ਪਾਰਟੀਆਂ ਨਾਲ ਸੰਵਾਦ ਰਚਾਉਣਾ ਪਵੇਗਾ। ਲੋਕ ਸਭਾ ਚੋਣਾਂ ਤੋਂ ਬਾਅਦ ਪਾਰਟੀਆਂ ਆਪਣੇ ਆਗੂ ਦੀ ਚੋਣ ਕਰ ਸਕਦੀਆਂ ਹਨ ਤੇ ਭਾਜਪਾ ਨੂੰ ਸੱਤਾ ਤੋਂ ਲਾਹੁਣ ਦੇ ਵਡੇਰੇ ਮਕਸਦ ਦੀ ਪੂਰਤੀ ਖਾਤਰ ਆਪੋ-ਆਪਣੇ ਮੱਤਭੇਦ ਲਾਂਭੇ ਰੱਖ ਦੇਣੇ ਚਾਹੀਦੇ ਹਨ। ਰਾਸ਼ਟਰੀ ਜਨਤਾ ਦਲ ਦੇ ਆਗੂ ਤੇਜਸਵੀ ਯਾਦਵ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਆਖਿਆ ‘‘ ਮੈਂ ਦੇਸ਼ ਦੀ ਰਾਖੀ ਖਾਤਰ ਇੱਥੇ ਆਇਆ ਹਾਂ। ਉਹ (ਭਾਜਪਾ ਆਗੂ) ਕਹਿੰਦੇ ਹਨ ਕਿ ਸਾਡਾ ਇਕੋ ਇਕ ਏਜੰਡਾ ਮੋਦੀ ਨੂੰ ਡੱਕਣਾ ਹੈ। ਕੀ ਉਦੋਂ ਅਸੀਂ ਭਾਜਪਾ ਤੇ ਆਰਐਸਐਸ ਨੂੰ ਨਹੀਂ ਡੱਕਿਆ ਸੀ? ਸਾਡੀ ਲੜਾਈ ਵਿਅਕਤੀਆਂ ਨਾਲ ਨਹੀਂ ਸਗੋਂ ਵਿਚਾਰਧਾਰਾ ਨਾਲ ਹੈ। ਇਸ ਸਰਕਾਰ ਦੀ ਇਕੋ ਨੀਤੀ ਹੈ ਕਿ ਜਾਂ ਤਾਂ ਸਾਡੇ ਨਾਲ ਆ ਜਾਓ, ਨਹੀਂ ਫਿਰ ਕੇਸ ਭੁਗਤੋ।’’

VIA PUNJAB