ਸ. ਨਵਜੋਤ ਸਿੰਘ ਸਿੱਧੂ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਦੀ ਪੁਰਾਤਨ ਦਿੱਖ ਬਰਕਰਾਰ ਰੱਖਣ ਲਈ ਇਮਰਾਨ ਖਾਨ ਨੂੰ ਪੱਤਰ

ਚੰਡੀਗੜ੍ਹ – ਪਾਕਿਸਤਾਨ ਸਰਕਾਰ ਵਲੋਂ ਕਰਤਾਰਪੁਰ ਸਾਹਿਬ ਗਲਿਆਰੇ ਦੀ ਉਸਾਰੀ ਲਈ ਕੰਮ ਜੰਗੀ ਪਧਰ ’ਤੇ ਜਾਰੀ ਹੈ। ਇਸੇ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿਧੂ ਨੇ ਇਮਰਾਨ ਖ਼ਾਨ ਨੂੰ ਚਿਠੀ ਲਿਖੀ ਹੈ, ਜਿਸ ਵਿਚ ਉਨ੍ਹਾਂ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਕੰਪਲੈਕਸ ਦੀ ਅਸਲ ਦਿਖ ਨੂੰ ਬਰਕਰਾਰ ਰਖਣ ਅਤੇ ਇਸ ਦੇ ਆਸ-ਪਾਸ ਕਿਸੇ ਵੀ ਤਰ੍ਹਾਂ ਦਾ ਨਿਰਮਾਣ ਨਾ ਕੀਤੇ ਜਾਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਚਿਠੀ ਵਿਚ ਕੁਝ ਹੋਰ ਮੰਗਾਂ ਦਾ ਵੀ ਜ਼ਿਕਰ ਕੀਤਾ ਹੈ। ਜ਼ਿਕਰਯੋਗ ਹੈ ਕਿ ਸ: ਸਿਧੂ ਤੋਂ ਪਹਿਲਾਂ ਅਮਰੀਕੀ ਸਿਖ ਕੌਂਸਲ ਵੀ ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਆਪਣੀਆਂ ਇਨ੍ਹਾਂ ਮੰਗਾਂ ਸਬੰਧੀ ਚਿਠੀ ਲਿਖ ਚੁਕੀ ਹੈ। ਆਪਣੀ ਚਿਠੀ ਵਿਚ ਸ: ਸਿਧੂ ਨੇ ਕਰਤਾਰਪੁਰ ਸਾਹਿਬ ਕੰਪਲੈਕਸ ਦੇ 104 ਏਕੜ ਦੇ ਘੇਰੇ ਅੰਦਰ ਕਿਸੇ ਵੀ ਕਿਸਮ ਦੀ ਉਸਾਰੀ ਨਾ ਕੀਤੇ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜ਼ਮੀਨ ’ਤੇ ਫਸਲਾਂ ਬੀਜੀਆਂ ਜਾਣ, ਜੋ ਗੁਰਦੁਆਰਾ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਦੇ ਲੰਗਰ ਲਈ ਵਰਤੀਆਂ ਜਾ ਸਕਦੀਆਂ ਹਨ। ਗੁਰੂ ਨਾਨਕ ਦੇਵ ਜੀ ਦੇ ਖੂਹ ਬਾਰੇ ਵੀ ਗਲ ਕੀਤੀ ਗਈ ਹੈ। ਇਸ ਦੇ ਨਾਲ ਹੀ ਸਿਧੂ ਨੇ ਬਿਮਾਰ, ਬਜ਼ੁਰਗ, ਬਚਿਆਂ ਤੇ ਸਰੀਰਕ ਤੌਰ ’ਤੇ ਅਪਾਹਜ ਸ਼ਰਧਾਲੂਆਂ ਨੂੰ ਚੰਗੀਆਂ ਸਹੂਲਤਾਂ ’ਤੇ ਵਿਸ਼ੇਸ਼ ਧਿਆਨ ਦੇਣ ਲਈ ਕਿਹਾ ਹੈ। ਇਸ ਤੋਂ ਇਲਾਵਾ ਸ: ਸਿਧੂ ਨੇ ਇਮਰਾਨ ਖ਼ਾਨ ਕੋਲ ਕਰਤਾਰਪੁਰ ਸਾਹਿਬ ਕੰਪਲੈਕਸ ਅੰਦਰ ਕੂੜੇ ਖ਼ਾਸ ਕਰਕੇ ਪਲਾਸਟਿਕ ਦੇ ਨਿਪਟਾਰੇ ਅਤੇ ਡਬਾਬੰਦ ਖਾਣੇ ਦੇ ਪੁਖ਼ਤਾ ਪ੍ਰਬੰਧਾਂ ਬਾਰੇ ਵੀ ਮੰਗ ਰਖੀ ਹੈ।

VIA PUNJAB