ਹਲਕਾ ਸ੍ਰੀ ਖ਼ਡੂਰ ਸਾਹਿਬ ’ਚ ਸਿੱਧੇ ਮੁਕਾਬਲੇ ਦੇ ਆਸਾਰ ਬਣੇ

ਹੁਣ ਮੁਕਾਬਲਾ ਬੀਬੀ ਜਗੀਰ ਕੌਰ ਅਤੇ ਡਿੰਪਾ ਵਿਚਾਲੇ -ਵਿਵਾਦਾਂ ਕਾਰਨ ਬੀਬੀ ਖ਼ਾਲੜਾ ਪੱਛੜੀ

ਕਪੂਰਥਲਾ – ਪੰਜਾਬ ਦੇ ਚਰਚਿਤ ਲੋਕ ਸਭਾ ਹਲਕੇ ਸ੍ਰੀ ਖ਼ਡੂਰ ਸਾਹਿਬ ਦੀ ਚੋਣ ’ਚ ਸਥਿਤੀ ਤੇਜ਼ੀ ਨਾਲ ਬਦਲ ਰਹੀ ਹੈ। ਪਹਿਲੇ ਗੇੜ ਵਿਚ ਸੋਸ਼ਲ ਮੀਡੀਆ ਦੀ ਵਰਤੋਂ ਨਾਲ ਪੰਜਾਬੀ ਏਕਤਾ ਪਾਰਟੀ ਦੀ ਉਮੀਦਵਾਰ ਅਤੇ ਮਨੁਖੀ ਅਧਿਕਾਰ ਕਾਰਕੁੰਨ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਧਰਮ-ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਦੂਜੇ ਉਮੀਦਵਾਰਾਂ ਤੋਂ ਅਗੇ ਦਿਸ ਰਹੇ ਸਨ, ਪ੍ਰੰਤੂ ਹੁਣ ਉਹ ਪੱਛੜ ਗਏ ਹਨ। ਤਾਜ਼ਾ ਸਥਿਤੀ ਮੁਤਾਬਿਕ ਹਲਕੇ ਵਿੱਚ ਅਕਾਲੀ-ਭਾਜਪਾ ਉਮੀਦਵਾਰ ਬੀਬੀ ਜਗੀਰ ਕੌਰ ਅਤੇ ਕਾਂਗਰਸ ਉਮੀਦਵਾਰ ਸਾਬਕਾ ਵਿਧਾਇਕ ਸ: ਜਸਬੀਰ ਸਿੰਘ ਡਿੰਪਾ ਵਿਚਕਾਰ ਸਿੱਧਾ ਮੁਕਾਬਲਾ ਬਣਦਾ ਜਾ ਰਿਹਾ ਹੈ। ਹਲਕੇ ਦੇ ਸਿਆਸੀ ਹਾਲਾਤ ਤੇਜ਼ੀ ਨਾਲ ਮੌੜਾ ਕਟ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਨੇ ਇਸ ਹਲਕੇ ਤੋਂ ਦੂਸਰੀਆਂ ਪਾਰਟੀਆਂ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਅਤੇ ਇਸਤਰੀ ਅਕਾਲੀ ਦਲ ਦੀ ਮੁਖੀ ਬੀਬੀ ਜਗੀਰ ਕੌਰ ਨੂੰ ਉਮੀਦਵਾਰ ਐਲਾਨਿਆ ਸੀ। ਇਸ ਹਲਕੇ ਵਿਚ ਬੀਬੀ ਜਗੀਰ ਕੌਰ ਦੀ ਚੋਣ ਮੁਹਿੰਮ ਸਭ ਤੋਂ ਪਹਿਲੇ ਸ਼ੁਰੂ ਹੋਈ ਸੀ। ਉਨ੍ਹਾਂ ਕੋਲ ਵਰਕਰਾਂ ਦੀ ਕਮੀ ਨਹੀਂ ਹੈ, ਜਦੋਂ ਕਿ ਵਿਰੋਧੀ ਉਮੀਦਵਾਰਾਂ ਕੋਲ ਬੂਥ ਅਤੇ ਪਿੰਡ ਪਧਰ ’ਤੇ ਵਰਕਰਾਂ ਦੀ ਘਾਟ ਹੈ। ਪੰਜਾਬੀ ਏਕਤਾ ਪਾਰਟੀ ਦੀ ਸਿਆਸੀ ਸਥਿਤੀ ਤੇਜ਼ੀ ਨਾਲ ਬਦਲ ਰਹੀ ਹੈ।। ਮਾਨਸਾ ਤੋਂ ਵਿਧਾਇਕ ਸ: ਨਾਜ਼ਰ ਸਿੰਘ ਮਾਨਸ਼ਾਹੀਆ ਅਤੇ ਪਾਰਟੀ ਪ੍ਰਧਾਨ ਸ: ਸੁਖਪਾਲ ਸਿੰਘ ਖਹਿਰਾ ਦੇ ਪੰਜਾਬ ਵਿਧਾਨ ਸਭਾ ਤੋਂ ਅਸਤੀਫੇ ਕਾਰਨ ਪਾਰਟੀ ਦਾ ਸਿਆਸੀ ਗ੍ਰਾਫ਼ ਇਕਦਮ ਹੇਠਾਂ ਚਲਾ ਗਿਆ ਹੈ। ਇਸ ਦਾ ਅਸਰ ਪਾਰਟੀ ਉਮੀਦਵਾਰਾਂ ਖ਼ਾਸ ਕਰਕੇ ਬੀਬੀ ਖਾਲੜਾ ’ਤੇ ਪੈ ਰਿਹਾ ਹੈ। ਜੇਕਰ ਮੌਜੂਦਾ ਸਿਆਸੀ ਹਾਲਾਤ ਕਾਇਮ ਰਹਿੰਦੇ ਹਨ ਤਾਂ ਖ਼ਡੂਰ ਸਾਹਿਬ ਹਲਕੇ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦਰਮਿਆਨ ਸਿੱਧਾ ਮੁਕਾਬਲਾ ਹੋਵੇਗਾ। ਬੀਬੀ ਖਾਲੜਾ ਤੀਜੇ ਨੰਬਰ ’ਤੇ ਰਹਿਣਗੇ। ਸ: ਖਹਿਰਾ ਦੇ ਬਠਿੰਡਾ ਵਿਚ ਉਲਝ ਜਾਣ ਕਾਰਨ ਵੀ ਬੀਬੀ ਖਾਲੜਾ ਦੀ ਚੋਣ ਮੁਹਿੰਮ ਕਮਜ਼ੋਰ ਪੈ ਗਈ ਹੈ। ਵਿਦੇਸ਼ਾਂ ਵਿਚੋਂ ਬੀਬੀ ਖਾਲੜਾ ਲਈ ਆਏ ਫੰਡਾ ਦੇ ਰੋਲੇ ਨੇ ਵੀ ਇਸ ਮਾਮਲੇ ਵਿਚ ਨਾਹ ਪੱਖੀ ਭੂਮਿਕਾ ਨਿਭਾਈ ਹੈ। ਦਿਲਚਸਪ ਗੱਲ ਇਹ ਹੈ ਕਿ ਸੋਸ਼ਲ ਮੀਡੀਆ ਉਪਰ ਵੀ ਹੁਣ ਬੀਬੀ ਖਾਲੜਾ ਦੀ ਵਿਰੋਧਤਾ ਹੋਣੀ ਸ਼ੁਰੂ ਹੋ ਗਈ ਹੈ। ਦੂਸਰੇ ਪਾਸੇ ਕਾਂਗਰਸੀ ਉਮੀਦਵਾਰ ਸ: ਜਸਬੀਰ ਸਿੰਘ ਡਿੰਪਾ ਕਾਂਗਰਸ ਦੀ ਅੰਦਰੂਨੀ ਫੁਟ ਕਾਰਨ ਦੁਖੀ ਹਨ। ਹਲਕੇ ਦੇ ਕਈ ਪ੍ਰਮੁਖ ਅਤੇ ਪੁਰਾਣੇ ਕਾਂਗਰਸੀ ਨੇਤਾ ਹਾਲੇ ਤਕ ਸ: ਡਿੰਪਾ ਦੀ ਚੋਣ ਮੁਹਿੰਮ ਵਿਚ ਸ਼ਾਮਿਲ ਨਹੀਂ ਹੋਏ। ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਇਸ ਹਲਕੇ ਵਿਚ ਕਾਫ਼ੀ ਜ਼ੋਰ ਲਗਾ ਰਿਹਾ ਹੈ। ਇਹ ਮੁਖ ਤੌਰ ’ਤੇ ਪੰਥਕ ਹਲਕਾ ਹੈ। ਬੀਬੀ ਜਗੀਰ ਕੌਰ ਆਪਣੀ ਚੋਣ ਮੁਹਿੰਮ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਯੋਜਨਾਬਧ ਤਰੀਕੇ ਨਾਲ ਚਲਾ ਰਹੇ ਹਨ। ਸ਼ਨਿਚਰਵਾਰ ਨੂੰ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਸੁਲਤਾਨਪੁਰ ਹਲਕੇ ਦੇ ਪ੍ਰਭਾਵਸ਼ਾਲੀ ਨੇਤਾ ਸ: ਸਜਣ ਸਿੰਘ ਚੀਮਾ ਵਲੋਂ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਣਾ ਇਸ ਗਲ ਦਾ ਸੰਕੇਤ ਹੈ ਕਿ ਹਲਕੇ ਵਿਚ ਬੀਬੀ ਜਗੀਰ ਕੌਰ ਵੋਟਰਾਂ ਦੀ ਪਹਿਲੀ ਪਸੰਦ ਬਣਦੇ ਜਾ ਰਹੇ ਹਨ। ਬੀਬੀ ਦਾ ਇਸਤਰੀ ਅਕਾਲੀ ਦਲ ਦਾ ਪ੍ਰਧਾਨ ਹੋਣਾ ਵੀ ਉਨ੍ਹਾਂ ਲਈ ਲਾਹੇਵੰਦ ਸਿੱਧ ਹੋ ਰਿਹਾ ਹੈ। ਹਲਕੇ ’ਚੋਂ ਅਤੇ ਪੰਜਾਬ ਭਰ ਵਿਚੋਂ ਮਹਿਲਾ ਵਰਕਰ ਉਨ੍ਹਾਂ ਦੀ ਚੋਣ ਮੁਹਿੰਮ ਵਿੱਚ ਸ਼ਾਮਿਲ ਹੋ ਰਹੇ ਹਨ। ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਵੀ ਇਸ ਅਹਿਮ ਹਲਕੇ ਵਿੱਚ ਲਗਾਤਾਰ ਗੇੜੇ ਮਾਰ ਰਹੇ ਹਨ, ਜਿਸ ਦਾ ਬੀਬੀ ਜਗੀਰ ਕੌਰ ਨੂੰ ਭਾਰੀ ਲਾਭ ਮਿਲੇਗਾ।

VIA PUNJAB