ਹਿਮਾਚਲ ਪ੍ਰਦੇਸ਼ ਵਿੱਚ ਤਾਜ਼ਾ ਬਰਫਬਾਰੀ ਦੇ ਨਾਲ ਬਾਰਿਸ਼ ਕਾਰਨ ਵਧੀ ਠੰਡ

ਸ਼ਿਮਲਾ – ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਤਾਜ਼ਾ ਬਰਫਬਾਰੀ ਨਾਲ ਬਾਰਿਸ਼ ਦੇ ਚੱਲਦਿਆਂ ਅੱਜ ਘੱਟ ਤੋਂ ਘੱਟ ਤਾਪਮਾਨ ਵਿੱਚ ਗਿਰਾਵਟ ਆਉਣ ਕਾਰਨ ਸੂਬੇ ਵਿੱਚ ਸ਼ੀਤਲਹਿਰ ਦਾ ਕਹਿਰ ਜਾਰੀ ਹੈ| ਸ਼ਿਮਲਾ ਸਥਿਤ ਮੌਸਮ ਵਿਗਿਆਨ ਕੇਂਦਰ ਨੇ ਦੱਸਿਆ ਕਿ ਅੱਜ ਸਵੇਰੇ 8.30 ਵਜੇ ਤੱਕ ਸੈਲਾਨੀ ਸਥਾਨ ਡਲਹੌਜੀ ਵਿੱਚ 45 ਸੈਂਟੀਮੀਟਰ ਅਤੇ ਕੁਫਰੀ ਵਿੱਚ 10 ਸੈਂਟੀਮੀਟਰ ਅਤੇ ਮਨਾਲੀ ਵਿੱਚ 2 ਸੈਂਟੀਮੀਟਰ ਬਰਫਬਾਰੀ ਦਰਜ ਕੀਤੀ ਗਈ ਹੈ| ਇਸੇ ਦੌਰਾਨ ਭਰਮੌਰ ਵਿੱਚ 60 ਸੈਂਟੀਮੀਟਰ, ਪੂਹ ਵਿੱਚ 17 ਸੈਂਟੀਮੀਟਰ, ਕੇਲੋਂਗ ਵਿੱਚ 11 ਸੈਂਟੀਮੀਟਰ, ਸਲੋਨੀ ਅਤੇ ਕਾਲਪਾ ਵਿੱਚ ਕ੍ਰਮਵਾਰ 10-10 ਸੈਂਟੀਮੀਟਰ ਬਰਫਬਾਰੀ ਦਰਜ ਕੀਤੀ ਗਈ ਹੈ| ਇਸ ਤੋਂ ਇਲਾਵਾ ਸਮੇਂ ਦੀ ਮਿਆਦ ਦੇ ਦੌਰਾਨ ਸ਼ਿਮਲਾ, ਚੰਬਾ, ਪਾਲਮਪੁਰ ਅਤੇ ਮਨਾਲੀ ਸਮੇਤ ਕਈ ਹੋਰ ਇਲਾਕਿਆਂ ਵਿੱਚ 2 ਮਿਲੀਮੀਟਰ ਤੋਂ ਲੈ ਕੇ 31.6 ਮਿਲੀਮੀਟਰ ਦੇ ਵਿਚਾਲੇ ਬਾਰਿਸ਼ ਦਰਜ ਕੀਤੀ ਗਈ| ਸੂਬੇ ਦੇ ਜ਼ਿਆਦਾ ਹਿੱਸਿਆਂ ਵਿੱਚ ਬੱਦਲ ਛਾਏ ਹੋਏ ਹਨ| ਪੁਲੀਸ ਸੁਪਰਡੈਂਟ ਮੋਨਿਕਾ ਭਤੂੰਗੜ ਨੇ ਦੱਸਿਆ ਹੈ ਕਿ ਭਾਰੀ ਬਰਫਬਾਰੀ ਕਾਰਨ ਚੰਬਾ ਜ਼ਿਲੇ ਵਿੱਚ ਕਈ ਸੜਕਾਂ ਬੰਦ ਹੋ ਗਈਆਂ ਹਨ| ਮੌਸਮ ਵਿਭਾਗ ਨੇ ਸੋਮਵਾਰ ਅਤੇ ਮੰਗਲਵਾਰ ਨੂੰ ਸੂਬੇ ਦੇ ਉੱਚੇ ਅਤੇ ਮੱਧਮ ਉਚਾਈ ਵਾਲੇ ਪਹਾੜੀ ਇਲਾਕਿਆਂ ਵਿੱਚ ਭਾਰੀ ਬਾਰਿਸ਼ ਅਤੇ ਬਰਫਬਾਰੀ ਹੋਣ ਅਤੇ ਹੇਠਲੇ ਪਹਾੜੀ ਇਲਾਕਿਆਂ ਦੇ ਨਾਲ ਮੈਦਾਨੀ ਇਲਾਕਿਆਂ ਵਿੱਚ ਗਰਜ-ਚਮਕ ਨਾਲ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਗਈ ਹੈ|

VIA PUNJAB