ਹੈਲਪਿੰਗ ਹੈਪਲੈਸ ਸੰਸਥਾ ਦੀ ਫੋਨ ਐਪਲੀਕੇਸ਼ਨ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕੀਤੀ ਲਾਈਵ

ਚੰਡੀਗੜ੍ – ਏਜੰਟਾਂ ਦੇ ਧੋਖੇ ਦਾ ਸ਼ਿਕਾਰ ਹੋ ਕੇ ਵਿਦੇਸ਼ ਵਿੱਚ ਜਾ ਕੇ ਫਸ ਜਾਣਾ ਵਾਲੇ ਪੰਜਾਬੀਆਂ ਦੀ ਮਦਦ ਕਰਨ ਵਾਲੀ ਸੰਸਥਾ ਹੈਲਪਿੰਗ ਹੈਪਲੈਸ ਵਲੋਂ ਤਿਆਰ ਕੀਤੀ ਗਈ ਫੋਨ ਐਪਲੀਕੇਸ਼ਨ ਨੂੰ ਅੱਜ ਪੰਜਾਬ ਦੇ ਸਥਾਨਕ ਸਰਕਾਰਾਂ ਤੇ ਸੈਰ-ਸਪਾਟਾ ਮੰਤਰੀ ਨਵਜੋਤ ਸਿੰਘ ਵਲੋਂ ਹੈਲਪਿੰਗ ਹੈਪਲੈਸ ਸੰਸਥਾ ਦੇ ਦਫਤਰ ਚੰਡੀਗੜ੍ਹ ਵਿਖੇ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਪ੍ਰੋਗਰਾਮ ਦੌਰਾਨ ਲਾਈਵ ਕੀਤਾ ਗਿਆ| ਇਸ ਮੋਬਾਈਲ ਐਪ ਦਾ ਨਾਮ ਵੀ ਹੈਲਪਿੰਗ ਹੈਪਲੈਸ ਰੱਖਿਆ ਗਿਆ ਹੈ ਅਤੇ ਇਹ ਐਪ ਪਲੇ ਸਟੋਰ ਤੋਂ ਮੁਫਤ ਡਾਉਨਲੋਡ ਕੀਤੀ ਜਾ ਸਕਦੀ ਹੈ| ਸੰਸਥਾ ਦੀ ਸੰਚਾਲਕ ਬੀਬੀ ਅਮਨਜੋਤ ਕੌਰ ਰਾਮੂੰਵਾਲੀਆ ਨੇ ਦੱਸਿਆ ਕਿ ਉਹਨਾਂ ਦੀ ਸੰਸਥਾ ਵਿਦੇਸ਼ਾਂ ਵਿੱਚ ਫਸੇ ਹੋਏ ਪੰਜਾਬੀਆਂ ਨੂੰ ਪੰਜਾਬ ਵਾਪਸ ਲਿਆਉਣ ਲਈ ਯਤਨਸ਼ੀਲ ਹੈ| ਉਹਨਾਂ ਕਿਹਾ ਕਿ ਹੁਣ ਸੰਸਥਾ ਦੀ ਟੀਮ ਨੇ ਵਿਚਾਰ ਕੀਤਾ ਕਿ ਇਕ ਮੋਬਾਇਲ ਐਪਲੀਕੇਸ਼ਨ ਬਣਾਈ ਜਾਵੇ, ਜਿਸ ਦੇ ਰਾਹੀਂ ਕਿਸੇ ਵੀ ਥਾਂ ਤੇ ਬੈਠਾ ਕੋਈ ਵੀ ਵਿਅਕਤੀ ਜਿਸ ਨੂੰ ਮਦਦ ਦੀ ਜਰੂਰਤ ਹੈ, ਉਹ ਐਪਲੀਕੇਸ਼ਨ ਡਾਉਨਲੋਡ ਕਰਕੇ ਸੰਸਥਾ ਨਾਲ ਸੰਪਰਕ ਕਰ ਸਕੇ ਅਤੇ ਆਪਣੀ ਸਮੱਸਿਆ ਦੱਸ ਸਕੇ| ਉਹਨਾਂ ਦੱਸਿਆ ਕਿ ਇਸ ਐਪ ਦੀ ਮਦਦ ਨਾਲ ਦੁਨੀਆ ਵਿੱਚ ਕਿਸੇ ਵੀ ਥਾਂ ਤੇ ਬੈਠਾ ਵਿਅਕਤੀ ਇਕ ਕਲਿੱਕ ਨਾਲ ਆਪਣੀ ਲੋਕੇਸ਼ਨ ਸੰਸਥਾ ਨੂੰ ਭੇਜ ਸਕਦਾ ਹੈ| ਉਹਨਾਂ ਕਿਹਾ ਕਿ ਕੈਬਿਨਟ ਮੰਤਰੀ ਸ੍ਰ. ਨਵਜੋਤ ਸਿੰਘ ਸਿੱਧੂ ਨੇ ਅੱਜ ਸੰਸਥਾ ਦੇ ਦਫਤਰ ਵਿੱਚ ਆ ਕੇ ਇਸ ਐਪ ਨੂੰ ਲਾਈਵ ਕਰਕੇ ਜਿੱਥੇ ਸੰਸਥਾ ਦਾ ਮਾਨ ਵਧਾਇਆ ਹੈ ਉੱਥੇ ਉਹਨਾਂ ਨੇ ਵਿਦੇਸ਼ਾਂ ਵਿੱਚ ਜਾ ਕੇ ਤੰਗ ਪਰੇਸ਼ਾਨ ਹੋਣ ਵਾਲੇ ਪੰਜਾਬੀਆਂ ਪ੍ਰਤੀ ਆਪਣੀ ਨੇੜਤਾ ਦਾ ਇਜਹਾਰ ਵੀ ਕੀਤਾ ਹੈ| ਉਹਨਾਂ ਕਿਹਾ ਕਿ ਸ: ਨਵਜੋਤ ਸਿੰਘ ਸਿੱਧੂ ਅਤੇ ਉਹਨਾ ਦੀ ਪਤਨੀ ਬੀਬੀ ਨਵਜੋਤ ਕੋਰ ਸਿੱਧੂ ਵਲੋਂ ਪੰਜਾਬ ਦੇ ਹਿੱਤਾ ਲਈ ਕੀਤੇ ਜਾਣ ਵਾਲੇ ਕੰਮਾਂ ਨੂੰ ਮੁੱਖ ਰੱਖਦਿਆਂ ਉਹਨਾਂ ਦੀ ਟੀਮ ਨੇ ਤੈਅ ਕੀਤਾ ਸੀ ਕਿ ਇਸ ਐਪ ਨੂੰ ਸ੍ਰ. ਨਵਜੋਤ ਸਿੰਘ ਸਿੱਧੂ ਤੋਂ ਹੀ ਲਾਈਵ ਕਰਵਾਇਆ ਜਾਵੇ| ਇਸ ਮੌਕੇ ਸ਼ਿਵ ਕੁਮਾਰ (ਪ੍ਰੋਜੈਕਟ ਮੈਨੇਜਰ – ਟੈਲੰਟਐਲਜੀਆ ਤਕਨਾਲੋਜੀ) , ਕੁਲਦੀਪ ਸਿੰਘ ਬੈਰੋਪੁਰ, ਅਰਵਿੰਦਰ ਸਿੰਘ ਭੁੱਲਰ, ਗੁਰਜੀਤ ਸਿੰਘ ਸੁੱਖਗੜ੍ਹ ਤੇ ਗੁਰਪ੍ਰੀਤ ਸਿੰਘ ਹੁੰਦਲ (ਪਾਰਟੀ ਪ੍ਰਧਾਨ ਐਨ.ਐਸ.ਯੂ.ਆਈ ਪੰਜਾਬ ਯੂਨੀਵਰਸਿਟੀ) ਹਾਜਰ ਸਨ|

VIA PUNJAB