ਭਾਰਤ ਨੂੰ ਆਲਮੀ ਤਾਕਤ ਬਣਾਉਣ ਲਈ ਨੌਜਵਾਨ ਅੱਗੇ ਆਉਣ- ਰਾਣਾ ਕੇ.ਪੀ. ਸਿੰਘ

ਸਪੀਕਰ ਵੱਲੋਂ 34ਵੇਂ ਉੱਤਰੀ ਜ਼ੋਨ ਅੰਤਰ-ਯੂਨੀਵਰਸਿਟੀ ਯੁਵਕ ਮੇਲੇ ਦੇ ਸਮਾਪਤੀ ਸਮਾਰੋਹ ‘ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਤੇ ਜੇਤੂਆਂ ਨੂੰ ਇਨਾਮ ਵੰਡੇ

ਚੰਡੀਗੜ੍ਹ – ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਇਥੇ ਪੰਜਾਬ ਯੂਨੀਵਰਸਿਟੀ ਵਿੱਚ ਕਰਵਾਏ ਗਏ 34ਵੇਂ ਉੱਤਰੀ ਜ਼ੋਨ ਅੰਤਰ-ਯੂਨੀਵਰਸਿਟੀ ਯੁਵਕ ਮੇਲੇ ਵਿੱਚ ਅੱਜ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਜੇਤੂਆਂ ਨੂੰ ਇਨਾਮ ਵੰਡੇ। ਇਸ ਪੰਜ-ਰੋਜ਼ਾ ਯੁਵਕ ਮੇਲੇ ਦਾ ਸਮਾਪਤੀ ਸਮਾਰੋਹ ਯੂਨੀਵਰਸਿਟੀ ਦੇ ਲਾਅ-ਆਡੀਟੋਰੀਅਮ ਵਿੱਚ ਕਰਾਇਆ ਗਿਆ। ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਦਾ ਸਿੱਖਿਆ ਦੇ ਖੇਤਰ ਵਿੱਚ ਬਹੁਤ ਵੱਡਾ ਨਾਂ ਹੈ, ਜਿਸ ‘ਤੇ ਸਾਰਿਆਂ ਨੂੰ ਮਾਣ ਹੈ। ਇਸ ਯੂਨੀਵਰਸਿਟੀ ਦੇ ਪੈਦਾ ਕੀਤੇ ਉੱਘੇ ਅਰਥਸ਼ਾਸਤਰੀ, ਸਿੱਖਿਆਸ਼ਾਸਤਰੀ, ਸਾਇੰਸਦਾਨ, ਡਾਕਟਰ ਅਤੇ ਸਿਆਸਤਦਾਨ ਪੂਰੇ ਦੇਸ਼ ਦਾ ਮਾਣ ਬਣੇ ਹਨ। ਨੱਕੋ-ਨੱਕ ਭਰੇ ਲਾਅ ਆਡੀਟੋਰੀਅਮ ਵਿੱਚ ਬੈਠੇ ਵਿਦਿਆਰਥੀਆਂ ਨੂੰ ਮੁਖ਼ਾਤਿਬ ਹੁੰਦਿਆਂ ਉਨ੍ਹਾਂ ਕਿਹਾ ਕਿ ਉਹ ਦੇਸ਼ ਦਾ ਭਵਿੱਖ ਹਨ ਅਤੇ ਦੇਸ਼ ਨੂੰ ਤਰੱਕੀ ਦੇ ਪੰਧ ‘ਤੇ ਹੋਰ ਅੱਗੇ ਲਿਜਾਣ ਦਾ ਜ਼ਿੰਮਾ ਉਨ੍ਹਾਂ ਦਾ ਹੈ। ਸ੍ਰੀ ਰਾਣਾ ਕੇ.ਪੀ. ਸਿੰਘ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਭਾਰਤ ਨੂੰ ਗੁਲਾਮੀ, ਗ਼ਰੀਬੀ ਅਤੇ ਪੱਛੜੇਪਣ ਦੀਆਂ ਜੰਜ਼ੀਰਾਂ ਤੋਂ ਮੁਕਤ ਕਰਾਉਣ ਵਾਲੀਆਂ ਮਹਾਨ ਸ਼ਖ਼ਸੀਅਤਾਂ ਤੋਂ ਸੇਧ ਲੈਣ ਤਾਂ ਜੋ ਭਾਰਤ ਨੂੰ ਵਿਸ਼ਵ ਸ਼ਕਤੀ ਬਣਾਇਆ ਜਾ ਸਕੇ। ਆਪਣੇ ਵਿਦਿਆਰਥੀ ਜੀਵਨ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਵਿਦਿਆਰਥੀ ਜੀਵਨ ਜ਼ਿੰਦਗੀ ਦਾ ਬੇਹੱਦ ਅਹਿਮ ਪੜਾਅ ਹੁੰਦਾ ਹੈ, ਜੋ ਉਮਰ ਭਰ ਯਾਦਾਂ ਵਿੱਚੋਂ ਕਦੇ ਵੀ ਮਨਫ਼ੀ ਨਹੀਂ ਹੁੰਦਾ। ਇਸ ਤਰ੍ਹਾਂ ਦੇ ਯੁਵਕ ਮੇਲੇ ਵਿਦਿਆਰਥੀ ਜੀਵਨ ਨੂੰ ਹੋਰ ਰੰਗਲਾ ਬਣਾਉਂਦੇ ਹਨ। ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਰਾਜ ਕੁਮਾਰ ਅਤੇ ਪ੍ਰਬੰਧਕੀ ਸਕੱਤਰ ਸ੍ਰੀ ਨਿਰਮਲ ਜੌੜਾ ਅਤੇ ਹੋਰਾਂ ਨੂੰ ਇਸ ਯੁਵਕ ਮੇਲੇ ਨੂੰ ਸਫ਼ਲਤਾਪੂਰਵਕ ਢੰਗ ਨਾਲ ਨੇਪਰੇ ਚਾੜ੍ਹਨ ਲਈ ਵਧਾਈ ਦਿੱਤੀ। ਉਨ੍ਹਾਂ ਨੇ ਇਸ ਯੁਵਕ ਮੇਲੇ ਵਿੱਚ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੀਆਂ ਟੀਮਾਂ ਨੂੰ ਇਨਾਮ ਵੰਡੇ। ਉਨ੍ਹਾਂ ਨੇ ਜੇਤੂਆਂ ਨੂੰ ਇਸੇ ਤਰ੍ਹਾਂ ਅੱਗੇ ਵਧਦੇ ਰਹਿਣ ਅਤੇ ਜਿੱਤ ਨਾ ਸਕਣ ਵਾਲਿਆਂ ਨੂੰ ਮਾਯੂਸ ਨਾ ਹੋਣ ਬਲਕਿ ਅੱਗੇ ਤੋਂ ਹੋਰ ਤਕੜੇ ਹੋ ਕੇ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।

VIA PUNJAB