ਲੋਕ ਸਭਾ ਚੋਣਾਂ ਤੋਂ ਪਹਿਲਾਂ ਸ. ਨਵਜੋਤ ਸਿੰਘ ਸਿੱਧੂ ਬਣ ਸਕਦੇ ਨੇ ਡਿਪਟੀ ਸੀ.ਐਮ. ਪੰਜਾਬ

ਅੰਮ੍ਰਿਤਸਰ – 2019 ਵਿਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਵਿਚ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਜਪਾ ਮੁੜ ਸਤਾ ਤੇ ਕਾਬਜ਼ ਹੋਣ ਲਈ ਜੋਰ ਅਜਮਾਈ ਕਰ ਰਹੀ ਹੈ, ਉਥੇ ਸਤਾ ਤੋ ਬਾਹਰ ਚੱਲ ਰਹੀ ਕਾਂਗਰਸ ਪਾਰਟੀ ਵੀ ਹਰ ਹਾਲ ਵਿਚ ਮੁੜ ਸਤਾ ‘ਚ ਕਾਬਜ਼ ਹੋਣ ਲਈ ਅੱਡੀ ਚੋਟੀ ਦਾ ਜੋਰ ਲਗਾ ਰਹੀ ਹੈ। ਕੁੱਲ ਹਿੰਦ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਹੁਲ ਗਾਂਧੀ ਹਰ ਲੋਕ ਸਭਾ ਸੀਟ ਅਤੇ ਸੂਬੇ ‘ਤੇ ਬਾਜ਼ ਅੱਖ ਟਿਕਾਈ ਬੈਠੇ ਹਨ ਅਤੇ ਕਈ ਸੂਬਿਆਂ ਅੰਦਰ ਸੰਗਠਨ ਅੰਦਰ ਫੇਰਬਦਲ ਅਤੇ ਕਈਆਂ ਵਿਚ ਜਿੱਥੇ ਕਾਂਗਰਸ ਦੀਆਂ ਸਰਕਾਰਾਂ ਹਨ ਉਨ੍ਹਾਂ ਦੇ ਮੰਤਰੀ ਮੰਡਲ ਨੂੰ ਬਦਲਿਆਂ ਜਾ ਸਕਦਾ ਹੈ। ਪਾਰਟੀ ਸੂਤਰਾਂ ਦੀ ਮੰਨੀਏ ਤਾਂ ਰਾਹੁਲ ਗਾਂਧੀ ਦੀ ਨਜ਼ਰ ਇਸ ਵਾਰ ਖਾਸ ਤੌਰ ‘ਤੇ ਪੰਜਾਬ ਉਤੇ ਕੇਂਦਰਿਤ ਹੈ, ਕਿਉਕਿ ਕਾਂਗਰਸ ਨੂੰ ਲੱਗਦਾ ਹੈ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਵਿਚ ਪਏ ਖਲਾਲ ਦਾ ਕਾਂਗਰਸ ਨੂੰ ਭਾਰੀ ਲਾਭ ਹੋ ਸਕਦਾ ਹੈ। ਇਸ ਲਈ ਪਾਰਟੀ ਹਾਈਕਮਾਂਡ ਨਵਜੋਤ ਸਿੰਘ ਸਿੱਧੂ ਨੂੰ ਸਰਕਾਰ ਵਿਚ ਡਿਪਟੀ ਮੁੱਖ ਮੰਤਰੀ ਦੀ ਕੁਰਸੀ ਦੇ ਨਾਲ-ਨਾਲ ਇਕ ਹੋਰ ਅਹਿਮ ਵਿਭਾਗ ਦੇਣ ਦੀ ਤਿਆਰੀ ਕਰ ਰਹੀ ਹੈ। ਕਾਂਗਰਸ ਪਾਰਟੀ ‘ਚ ਕੁੱਝ ਸਮਾਂ ਪਹਿਲਾਂ ਇਹ ਚਰਚਾ ਸੀ ਕਿ ਨਵਜੋਤ ਸਿੰਘ ਸਿੱਧੂ ਅਕਾਲੀ ਦਲ ਅਤੇ ਬਾਦਲ ਪਰਿਵਾਰ ਖਿਲਾਫ ਬੋਲਦੇ ਹਨ, ਪਰ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਖਿਲਾਫ ਨਹੀ ਬੋਲਦੇ, ਪਰ ਹਾਲ ਹੀ ਵਿਚ ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿਚ ਹੋਈਆਂ ਚੋਣਾਂ ਵਿਚ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਪਾਰਟੀ ਨੇ ਸਟਾਰ ਪ੍ਰਚਾਰਕ ਬਣਾਂਕੇ ਚੋਣ ਮੈਦਾਨ ‘ਚ ਉਤਾਰਿਆਂ ਸੀ, ਜਿੱਥੇ ਨਵਜੋਤ ਸਿੱਧੂ ਨੇ ਭਾਜਪਾ ਅਤੇ ਪ੍ਰਧਾਨ ਮੰਤਰੀ ਨੂੰ ਖੂਬ ਸਿਆਸੀ ਰਗੜੇ ਲਗਾਏ ਅਤੇ ਇੰਨ੍ਹਾਂ ਸੂਬਿਆਂ ਵਿਚ ਕਾਂਗਰਸ ਦੀਆਂ ਸਰਕਾਰਾਂ ਵੀ ਬਣੀਆਂ। ਇਸ ਉਪਰੰਤ ਨਵਜੋਤ ਸਿੰਘ ਸਿੱਧੂ ਦਾ ਸਿਆਸੀ ਕੱਦ ਵੀ ਵਧਿਆ ਹੈ। ਬਾਕੀ ਸੂਬਿਆਂ ਵਿਚ ਨਵਜੋਤ ਸਿੱਧੂ ਦੀ ਮੰਗ ਤੋ ਕਾਂਗਰਸ ਹਾਈਕਮਾਂਡ ਨੂੰ ਵੀ ਸਪੱਸ਼ਟ ਹੋ ਗਿਆ ਕਿ ਜੇਕਰ 2019 ਵਿਚ ਲੋਕ ਸਭਾ ਚੋਣਾਂ ਵਿਚ ਨਵਜੋਤ ਸਿੰਘ ਸਿੱਧੂ ਦਾ ਲਾਹਾ ਲੈਣਾ ਹੈ ਤਾਂ ਕਿਉ ਨਾ ਸਿੱਧੂ ਨੂੰ ਉਨ੍ਹਾਂ ਦੀ ਮਰਜ਼ੀ ਮੁਤਾਬਕ ਰੁਤਬਾ ਦਿੱਤਾ ਜਾਵੇ। ਇਸ ਤੋ ਬਾਅਦ ਰਾਹੁਲ ਗਾਂਧੀ ਅਤੇ ਪਿੰਯਕਾ ਗਾਂਧੀ ਨੇ ਕੁੱਝ ਦਿਨ ਪਹਿਲਾ ਨਵਜੋਤ ਸਿੱਧੂ ਨਾਲ ਮੁਲਾਕਾਤ ਵੀ ਕੀਤੀ ਹੈ ਅਤੇ ਹੁਣ ਬੀਤੇ ਦਿਨੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਹੈ। ਜਿਸ ਤੋ ਬਾਅਦ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦਾ ਡਿਪਟੀ ਮੁੱਖ ਮੰਤਰੀ ਬਣਾਉਣ ਦਾ ਰਸਤਾ ਸਾਫ ਹੋ ਚੁੱਕਾ ਹੈ, ਪਰ ਹੁਣ ਸਮਾਂ ਹੀ ਦੱਸੇਗਾ ਕਿ ਪਾਰਟੀ ਹਾਈਕਮਾਂਡ ਨਵਜੋਤ ਸਿੰਘ ਸਿੱਧੂ ਦੇ ਸਿਰ ਕਦੋਂ ਡਿਪਟੀ ਮੁੱਖ ਮੰਤਰੀ ਤਾਜ਼ ਪਹਿਨਾਉਦੀ ਹੈ।

VIA PUNJAB