ਮਹਿੰਗਾਈ ਰੋਕਣ ਲਈ ਆਰਬੀਆਈ ਨੇ ਵਿਆਜ ਦਰ ਵਧਾਈ

ਮੁੰਬਈ – ਦੇਸ਼ ਵਿੱਚ ਵਧ ਰਹੀ ਮਹਿੰਗਾਈ ਨੂੰ ਰੋਕਣ ਦੇ ਮਕਸਦ ਨਾਲ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਅੱਜ ਨੀਤੀਗਤ ਵਿਆਜ ਦਰ ਵਿੱਚ 25 ਆਧਾਰੀ ਅੰਕਾਂ ਦਾ ਵਾਧਾ ਕੀਤਾ ਹੈ। ਚਾਲੂ ਮਾਲੀ ਸਾਲ ਦੀ ਤੀਜੀ ਦੋਮਾਹੀ ਮਾਲੀ ਸਮੀਖਿਆ ਦੌਰਾਨ ਲਗਾਤਾਰ ਦੂਜੀ ਵਾਰ ਰੈਪੋ ਰੇਟ, ਜਿਸ ਦਰ ਉਤੇ ਆਰਬੀਆਈ ਵੱਲੋਂ ਹੋਰ ਬੈਂਕਾਂ ਨੂੰ ਰਕਮਾਂ ਦਿੱਤੀਆਂ ਜਾਂਦੀਆਂ ਹਨ, ਵਿੱਚ ਕੀਤੇ ਗਏ 0.25 ਫ਼ੀਸਦੀ ਦੇ ਇਸ ਵਾਧੇ ਨਾਲ ਮਕਾਨ, ਵਾਹਨ ਤੇ ਹੋਰ ਕਰਜ਼ੇ ਹੋਰ ਮਹਿੰਗੇ ਹੋ ਜਾਣਗੇ। ਆਰਬੀਆਈ ਦੇ ਗਵਰਨਰ ਊਰਜਿਤ ਪਟੇਲ ਦੀ ਅਗਵਾਈ ਵਾਲੀ ਛੇ-ਮੈਂਬਰੀ ਮੁਦਰਾ ਨੀਤੀ ਕਮੇਟੀ (ਐਮਪੀਸੀ) ਦੀ ਮੀਟਿੰਗ ਦੌਰਾਨ ਪੰਜ ਮੈਂਬਰਾਂ ਨੇ ਦਰਾਂ ਵਧਾਏ ਜਾਣ ਦੇ ਹੱਕ ਵਿੱਚ ਵੋਟ ਦਿੱਤੀ। ਇਸ ਤਰ੍ਹਾਂ ਰੈਪੋ ਦਰ ਵਧ ਕੇ 6.5 ਫ਼ੀਸਦੀ ਹੋ ਗਈ ਹੈ। ਨਾਲ ਹੀ ਉਲਟ ਰੈਪੋ ਦਰ (ਜਿਸ ’ਤੇ ਆਰਬੀਆਈ ਬਾਕੀ ਬੈਂਕਾਂ ਤੋਂ ਰਕਮਾਂ ਲੈਂਦਾ ਹੈ) ਵਿੱਚ ਵੀ ਇਸੇ ਅਨੁਪਾਤ ’ਚ ਵਾਧਾ ਕੀਤਾ ਗਿਆ ਹੈ, ਜਿਸ ਨਾਲ ਇਹ ਦਰ 6.25 ਫ਼ੀਸਦੀ ਹੋ ਗਈ। ਸੀਮਾਂਤ ਸਥਾਈ ਸਹੂਲਤ ਦਰ ਤੇ ਬੈਂਕ ਦਰ ਵੀ ਵਧਾ ਕੇ 6.75 ਫ਼ੀਸਦੀ ਕੀਤੀ ਗਈ ਹੈ। ਬੈਂਕ ਨੇ ਮਾਲੀ ਸਾਲ 2018-19 ਲਈ ਜੀਡੀਪੀ ਵਾਧੇ ਦੀ ਦਰ ਸਬੰਧੀ ਅਨੁਮਾਨ 7.4 ਫ਼ੀਸਦੀ ਬਰਕਰਾਰ ਰੱਖਿਆ ਹੈ। ਐਮਪੀਸੀ ਦੀ ਅਗਲੀ ਮੀਟਿੰਗ ਆਗਾਮੀ 3 ਤੋਂ 5 ਅਕਤੂਬਰ ਨੂੰ ਹੋਣੀ ਤੈਅ ਹੈ।

VIA PUNJAB