ਐੱਸਸੀ/ਐੱਸਟੀ ਬਿੱਲ ਇਸੇ ਸੈਸ਼ਨ ਵਿੱਚ ਪਾਸ ਕਰਾਉਣ ਦਾ ਮਨਸ਼ਾ : ਰਾਜਨਾਥ ਸਿੰਘ

ਨਵੀਂ ਦਿੱਲੀ – ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਸਰਕਾਰ ਐਸਸੀ/ਐਸਟੀ ਲੋਕਾਂ ਖ਼ਿਲਾਫ਼ ਅੱਤਿਆਚਾਰਾਂ ਬਾਰੇ ਕਾਨੂੰਨ ਦੀਆਂ ਮੱਦਾਂ ਬਹਾਲ ਕਰਾਉਣ ਲਈ ਬਿੱਲ ਪਾਰਲੀਮੈਂਟ ਦੇ ਇਸੇ ਸੈਸ਼ਨ ਵਿੱਚ ਪਾਸ ਕਰਾਉਣਾ ਚਾਹੁੰਦੀ ਹੈ। ਵਿਰੋਧੀ ਧਿਰ ਵੱਲੋਂ ਸਰਕਾਰ ਦੀ ਇਸ ਗੱਲੋਂ ਨੁਕਤਾਚੀਨੀ ਕੀਤੀ ਜਾ ਰਹੀ ਹੈ ਕਿ ਉਹ ਸੁਪਰੀਮ ਕੋਰਟ ਵੱਲੋਂ ਹਟਾਈਆਂ ਗਈਆਂ ਮੱਦਾਂ ਬਹਾਲ ਕਰਾਉਣ ਲਈ ਕੋਈ ਕਦਮ ਨਹੀਂ ਉਠਾ ਰਹੀ ਜਿਸ ਕਰ ਕੇ ਗ੍ਰਹਿ ਮੰਤਰੀ ਨੇ ਲੋਕ ਸਭਾ ਵਿੱਚ ਆਖਿਆ ਕਿ ਕੇਂਦਰੀ ਕੈਬਨਿਟ ਨੇ ਇਸ ਸਬੰਧੀ ਬਿੱਲ ਨੂੰ ਹਰੀ ਝੰਡੀ ਦੇ ਦਿੱਤੀ ਹੈ। ਕਈ ਦਲਿਤ ਗਰੁੱਪਾਂ ਨੇ ਇਸ ਮੁੱਦੇ ’ਤੇ 9 ਅਗਸਤ ਨੂੰ ‘ਭਾਰਤ ਬੰਦ’ ਦਾ ਸੱਦਾ ਦਿੱਤਾ ਸੀ। ਸਿਫ਼ਰ ਕਾਲ ਦੌਰਾਨ ਕਾਂਗਰਸ ਆਗੂ ਮਲਿਕਾਰੁਜਨ ਖੜਗੇ ਨੇ ਕਿਹਾ ਕਿ ਸੁਪਰੀਮ ਕੋਰਟ ਦਾ ਉਹ ਫ਼ੈਸਲਾ ਐੱਸਸੀ ਐੱਸਟੀ ਲੋਕਾਂ ਲਈ ਬਹੁਤ ਹੀ ਖ਼ਤਰਨਾਕ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਸਰਕਾਰ ਬਹੁਤ ਸਾਰੇ ਆਰਡੀਨੈਂਸ ਲੈ ਕੇ ਆਈ ਹੈ ਤੇ ਜੇ ਇਹ ਚਾਹੁੰਦੀ ਤਾਂ ਐੱਸਸੀ/ਐੱਸਟੀ ਐਕਟ ਬਾਰੇ ਵੀ ਅਜਿਹਾ ਆਰਡੀਨੈਂਸ ਲਿਆ ਸਕਦੀ ਸੀ। ਵੱਖ ਵੱਖ ਪਾਰਟੀਆਂ ਦੇ ਸੰਸਦ ਮੈਂਬਰ ਇਸ ਸਬੰਧੀ ਮਾਰਚ ਮਹੀਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਮਿਲੇ ਵੀ ਸਨ। ਇਸ ’ਤੇ ਗ੍ਰਹਿ ਮੰਤਰੀ ਨੇ ਕਿਹਾ ਕਿ ਉਹ ਹੈਰਾਨ ਹਨ ਕਿ ਇਹ ਮੁੱਦਾ ਉਠਾਉਣ ਦੀ ਕੀ ਤੁੱਕ ਹੈ ਜਦਕਿ ਕੈਬਨਿਟ ਨੇ ਅਜੇ ਕੱਲ੍ਹ ਹੀ ਬਿੱਲ ਪਾਸ ਕੀਤਾ ਹੈ। ਵਜ਼ੀਫਿਆਂ ਬਾਰੇ ਦਿੱਤਾ ਭਰੋਸਾ ਸਰਕਾਰ ਨੇ ਅੱਜ ਰਾਜ ਸਭਾ ਵਿੱਚ ਭਰੋਸਾ ਦਿਵਾਇਆ ਹੈ ਕਿ ਰਾਜਾਂ ਵੱਲ ਐੱਸਸੀ ਐੱਸਟੀ ਵਿਦਿਆਰਥੀਆਂ ਨੂੰ ਵਜ਼ੀਫ਼ਿਆਂ ਦਾ ਕੋਈ ਬਕਾਇਆ ਨਹੀਂ ਹੈ ਅਤੇ ਸਾਰੇ ਕਲੇਮ ਇਸੇ ਵਿੱਤੀ ਸਾਲ ਵਿੱਚ ਹੀ ਕਲੀਅਰ ਕਰ ਦਿੱਤੇ ਜਾਣਗੇ। ਸਮਾਜਿਕ ਨਿਆਂ ਬਾਰੇ ਮੰਤਰੀ ਵਿਜੈ ਸਾਂਪਲਾ ਨੇ ਪ੍ਰਸ਼ਨ ਕਾਲ ਦੌਰਾਨ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਸਾਰੇ ਦਸਤਾਵੇਜ਼ ਪੂਰੇ ਹੋਣ ਤੋਂ ਬਾਅਦ ਵਜ਼ੀਫਿਆਂ ਦੇ ਸਾਰੇ ਬਕਾਏ ਕੇਂਦਰ ਵੱਲੋਂ ਕਲੀਅਰ ਕਰ ਦਿੱਤੇ ਜਾਣਗੇ।

VIA PUNJAB