ਮਹਿਬੂਬਾ : ਬਾਲਾਕੋਟ ਹਮਲੇ ਤੇ ਸਵਾਲ ਚੁੱਕਣ ਵਾਲਿਆਂ ਨੂੰ ਦੇਸ਼ਧ੍ਰੋਹੀ ਬੁਲਾਉਣਾ ਗਲਤ

ਸ਼੍ਰੀਨਗਰ – ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਐਤਵਾਰ ਨੂੰ ਬਾਲਾਕੋਟ ਹਮਲਿਆਂ ਦਾ ਸਬੂਤ ਮੰਗਣ ਵਾਲਿਆਂ ਨੂੰ ਦੇਸ਼ਧ੍ਰੋਹੀ ਕਹੇ ਜਾਣ ਨੂੰ ਗਲਤ ਦੱਸਿਆ। ਮਹਿਬੂਬਾ ਮੁਫ਼ਤੀ ਨੇ ਕਿਹਾ ਹੈ ਕਿ ਅਜਿਹੇ ‘ਚ ਜਦੋਂ ਸਰਜੀਕਲ ਸਟਰਾਈਕ ਦੇ ਵੇਰਵੇ ਬਾਰੇ ਭਾਰਤ ਸਰਕਾਰ ਖੁਦ ਵੀ ਸਪੱਸ਼ਟ ਨਹੀਂ ਹੈ, ਦੇਸ਼ ਦੇ ਨਾਗਰਿਕਾਂ ਨੂੰ ਇਸ ‘ਤੇ ਸਵਾਲ ਕਰਨ ਦਾ ਅਧਿਕਾਰ ਹੈ।

ਮਹਿਬੂਬਾ ਨੇ 26 ਫਰਵਰੀ ਨੂੰ ਹੋਈ ਸਰਜੀਕਲ ਸਟਰਾਈਕ ਬਾਰੇ ਬਿਆਨ ਦਿੰਦੇ ਹੋਏ ਇਹ ਵੀ ਕਿਹਾ ਕਿ ਪੀ.ਐੱਮ. ਮੋਦੀ ਚੋਣਾਵੀ ਫਾਇਦਾ ਲਈ ਸਰਜੀਕਲ ਸਟਰਾਈਕ ਦਾ ਲਾਭ ਲੈਣਾ ਚਾਹੁੰਦੇ ਹਨ। ਐਤਵਾਰ ਨੂੰ ਪੀ.ਐੱਮ. ਮੋਦੀ ਦੀ ਰੈਲੀ ਦੌਰਾਨ ਮਹਿਬੂਬਾ ਨੇ ਟਵੀਟ ਕਰ ਕੇ ਲਿਖਿਆ,”ਜੋ ਲੋਕ ਬਾਲਾਕੋਟ ਹਮਲਿਆਂ ਦੀ ਸੱਚਾਈ ‘ਤੇ ਸਵਾਲ ਚੁੱਕ ਰਹੇ ਹਨ, ਉਨ੍ਹਾਂ ਨੂੰ ਰਾਸ਼ਟਰ ਵਿਰੋਧੀ ਕਹਿਣਾ ਹੈਰਾਨ ਕਰਨ ਵਾਲਾ ਹੈ। ਹਾਲਾਂਕਿ ਵਿਰੋਧੀ ਦਲਾਂ ਨੂੰ ਹਮਲੇ ਦੇ ਮੱਦੇਨਜ਼ਰ ਨੋਟਬੰਦੀ, ਜੀ.ਐੱਸ.ਟੀ., ਬੇਰੋਜ਼ਗਾਰੀ ਅਤੇ ਕਿਸਾਨ ਸੰਕਟ ਵਰਗੇ ਮੁੱਦਿਆਂ ਨੂੰ ਛੱਡ ਕੇ ਪੂਰੇ ਚੋਣਾਵੀ ਚਰਚਾ ਨੂੰ ਬਦਲਣ ਦੇ ਝਾਂਸੇ ‘ਚ ਨਹੀਂ ਪੈਣਾ ਚਾਹੀਦਾ।” ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਨਾਗਰਿਕਾਂ ਨੂੰ ਬਾਲਾਕੋਟ ਮੁਹਿੰਮ ਦੀ ਭਰੋਸੇਯੋਗਤਾ ਬਾਰੇ ਸਵਾਲ ਪੁੱਛਣ ਦਾ ਅਧਿਕਾਰ ਹੈ, ਵਿਸ਼ੇਸ਼ ਰੂਪ ਨਾਲ ਉਦੋਂ ਜਦੋਂ ਇਸ ਦੇ ਵੇਰਵੇ ਬਾਰੇ ਭਾਰਤ ਸਰਕਾਰ ਅਸਪੱਸ਼ਟ ਹੈ।”

VIA PUNJAB