ਭਾਰਤ ਨੇ ਚੀਨ ਹਵਾਲੇ ਕੀਤੇ ਮਸੂਦ ਅਜ਼ਹਰ ਦੇ ਅੱਤਵਾਦੀ ਗਤੀਵਿਧਿਆਂ ਦੇ ਸਬੂਤ

ਨਵੀਂ ਦਿੱਲੀ –  ਭਾਰਤ ਦੇ ਵਿਦੇਸ਼ ਸਕੱਤਰ ਵਿਜੇ ਗੋਖਲੇ ਨੇ ਬੀਜਿੰਗ ਵਿੱਚ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੂੰ ਜੈਸ਼-ਏ-ਮੁਹੰਮਦ ਦੇ ਮੁੱਖ ਸਰਗਨਾ ਮਸੂਦ ਅਜ਼ਹਰ ਨੂੰ ਗਲੋਬਲ ਅੱਤਵਾਦੀ ਘੋਸ਼ਿਤ ਕਰਨ ਦਾ ਮੁੱਦਾ ਚੁੱਕਿਆ| ਪਾਕਿਸਤਾਨੀ ਅੱਤਵਾਦੀ ਅਜ਼ਹਰ ਨੂੰ ਗਲੋਬਲ ਅੱਤਵਾਦੀ ਘੋਸ਼ਿਤ ਕਰਨ ਦੀਆਂ ਭਾਰਤ ਦੀਆਂ ਕੋਸ਼ਿਸ਼ਾਂ ਵਿੱਚ ਰੁਕਾਵਟ ਪੈਦਾ ਕਰਨ ਨੂੰ ਲੈ ਕੇ ਗੋਖਲੇ ਨੇ ਚੀਨ ਦੀਆਂ ਨੀਤੀਆਂ ਦੀ ਨਿੰਦਾ ਵੀ ਕੀਤੀ| ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਦੋਵਾਂ ਦੇਸ਼ਾਂ ਨੂੰ ਇਕ ਦੂਜੇ ਦੇ ਪ੍ਰਤੀ ਸੰਵੇਦਨਸ਼ੀਲ ਹੋਣਾ ਚਾਹੀਦਾ ਹੈ| ਇਸ ਦੌਰਾਨ ਭਾਰਤੀ ਪੱਖ ਨੇ ਚੀਨ ਨੂੰ ਮਸੂਦ ਅਜ਼ਹਰ ਦੀਆਂ ਅੱਤਵਾਦੀ ਗਤੀਵਿਧਿਆਂ ਦੇ ਸਾਰੇ ਸਬੂਤ ਵੀ ਪੇਸ਼ ਕੀਤੇ| ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਇਹ ਜਾਣਕਾਰੀ ਦਿੱਤੀ| ਰਵੀਸ਼ ਨੇ ਕਿਹਾ, ਮਸੂਦ ਅਜ਼ਹਰ ਨੂੰ ਅੱਤਵਾਦੀ ਘੋਸ਼ਿਤ ਕਰਨ ਦਾ ਫੈਸਲਾ ਲੈਣ ਲਈ 1267 ਪਾਬੰਦੀ ਕਮੇਟੀ ਅਤੇ ਸੰਯੁਕਤ ਰਾਸ਼ਟਰ ਨੂੰ ਫੈਸਲਾ ਲੈਣਾ ਚਾਹੀਦੈ| ਨਹੀਂ ਤਾਂ ਦੇਸ਼ ਵਿੱਚ ਹੋਏ ਹਮਲਿਆਂ ਵਿੱਚ ਮਾਰੇ ਗਏ ਵਿਦੇਸ਼ੀਆਂ ਨੂੰ ਨਿਆਂ ਦਵਾਉਣ ਲਈ ਭਾਰਤ ਅੱਗੋਂ ਵੀ ਇਹ ਲੜਾਈ ਜਾਰੀ ਰੱਖੇਗਾ| ਜ਼ਿਕਰਯੋਗ ਹੈ ਕਿ ਅਜ਼ਹਰ ਨੂੰ ਚੀਨ ਸੰਯੁਕਤ ਰਾਸ਼ਟਰ ਵਿੱਚ ਹਮੇਸ਼ਾ ਗਲੋਬਲ ਅੱਤਵਾਦੀ ਘੋਸ਼ਿਤ ਕੀਤੇ ਜਾਣ ਦੀ ਪੇਸ਼ਕਸ਼ ਨੂੰ ਰੱਦ ਕਰ ਦਿੰਦਾ ਹੈ| ਇਸ ਲਈ ਭਾਰਤ ਵਲੋਂ ਚੀਨ ਵਿੱਚ ਗੋਖਲੇ ਨੇ ਇਸ ਮੁੱਦੇ ਨੂੰ ਚੁੱਕਿਆ ਹੈ| ਗੋਖਲੇ ਅਤੇ ਵਾਂਗ ਯੀ ਦੇ ਵਿਚਕਾਰ ਹੋਈ ਮੁਲਾਕਾਤ ਵਿੱਚ ਪਿਛਲੇ ਸਾਲ ਵੁਹਾਨ ਸੰਮੇਲਨ ਦੇ ਬਾਅਦ ਤੋਂ ਦੁਵੱਲੇ ਸੰਬੰਧਾਂ ਵਿਚ ਹੋਈ ਪ੍ਰਗਤੀ ਤੇ ਵੀ ਚਰਚਾ ਕੀਤੀ ਗਈ| ਗੋਖਲੇ ਨੇ ਦੱਸਿਆ ਕਿ ਦੋਵਾਂ ਪੱਖਾਂ ਦੇ ਫੈਸਲਿਆਂ ਨੂੰ ‘ਇਕ ਦੂਜੇ ਦੀਆਂ ਚਿੰਤਾਵਾਂ ਦੇ ਪ੍ਰਤੀ ਸੰਵੇਦਨਸ਼ੀਲ’ ਤਰੀਕੇ ਨਾਲ ਲਾਗੂ ਕਰ ਰਹੇ ਹਨ| ਗੋਖਲੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਵੁਹਾਨ ਸੰਮੇਲਨ ਵਿੱਚ ਕਈ ਮਾਮਲਿਆਂ ਤੇ ਆਪਸੀ ਸਾਂਝ ਬਣੀ ਸੀ| ਉਨ੍ਹਾਂ ਨੇ ਕਿਹਾ ਕਿ ਦੋਵੇਂ ਪੱਖ ਵੁਹਾਨ ਬੈਠਕ ਵਿੱਚ ਕੀਤੇ ਗਏ ਸਮਝੌਤਿਆਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ|

VIA PUNJAB