ਮੋਦੀ ਨੂੰ ਸੱਤਾ ਤੋਂ ਬਾਹਰ ਕਰਨ ਦਾ ਵੇਲਾ ਆਇਆ: ਮਨਮੋਹਨ

ਨਵੀਂ ਦਿੱਲੀ – ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਕਹਿਣਾ ਹੈ ਕਿ ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਨੂੰ ਸੱਤਾ ਤੋਂ ਬਾਹਰ ਕਰਨ ਦੀ ਸਖ਼ਤ ਲੋੜ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦਾ ਪੰਜ ਸਾਲਾ ਕਾਰਜਕਾਲ ਮੁਲਕ ਦੇ ਨੌਜਵਾਨਾਂ, ਕਿਸਾਨਾਂ, ਵਪਾਰੀਆਂ ਤੇ ਜਮਹੂਰੀਅਤ ਲਈ ‘ਮਾਨਸਿਕ ਪੀੜਾ ਨਾਲ ਭਰਿਆ ਤੇ ਵਿਨਾਸ਼ਕਾਰੀ’ ਰਿਹਾ ਹੈ। ਇਕ ਇੰਟਰਵਿਊ ’ਚ ਸਾਬਕਾ ਪ੍ਰਧਾਨ ਮੰਤਰੀ ਨੇ ਸਪੱਸ਼ਟ ਕਿਹਾ ਕਿ ਮੋਦੀ ਦੇ ਹੱਕ ਵਿਚ ਕੋਈ ਲਹਿਰ ਨਹੀਂ ਸੀ ਤੇ ਲੋਕਾਂ ਨੇ ਇਸ ਸਰਕਾਰ ਨੂੰ ਲਾਂਭੇ ਕਰਨ ਦਾ ਮਨ ਬਣਾ ਲਿਆ ਹੈ। ਉਨ੍ਹਾਂ ਕਿਹਾ ਕਿ ਇਹ ਅਜਿਹੀ ਸਰਕਾਰ ਹੈ ਜੋ ‘ਸਾਰਿਆਂ ਨੂੰ ਨਾਲ ਲੈ ਕੇ ਵਿਕਾਸ ਦੇ ਰਾਹ ’ਤੇ ਚੱਲਣ ਵਿਚ ਯਕੀਨ ਨਹੀਂ ਰੱਖਦੀ ਤੇ ਅਸ਼ਾਂਤੀ ਦੇ ਦਮ ’ਤੇ ਸਿਆਸੀ ਲਾਹਾ ਲੈਣਾ ਚਾਹੁੰਦੀ ਹੈ’। ਮੋਦੀ ਸਰਕਾਰ ’ਤੇ ਤਿੱਖਾ ਹੱਲਾ ਬੋਲਦਿਆਂ ਮਨਮੋਹਨ ਸਿੰਘ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਵਿਚ ਭ੍ਰਿਸ਼ਟਾਚਾਰ ਨੇ ਸਿਖ਼ਰਾਂ ਛੋਹ ਲਈਆਂ ਹਨ ਤੇ ਨੋਟਬੰਦੀ ਆਜ਼ਾਦ ਭਾਰਤ ਦਾ ਸ਼ਾਇਦ ਸਭ ਤੋਂ ‘ਵੱਡਾ ਘੁਟਾਲਾ’ ਹੈ। ਸਾਬਕਾ ਪ੍ਰਧਾਨ ਮੰਤਰੀ ਨੇ ਮੋਦੀ ਦੀ ਪਾਕਿਸਤਾਨ ਨੀਤੀ ਨੂੰ ‘ਲਾਪਰਵਾਹੀ ਵਿਚੋਂ ਉਪਜੀ’ ਦੱਸਦਿਆਂ ਕਿਹਾ ਕਿ ਆਪਣੇ ਕਾਰਜਕਾਲ ਦੌਰਾਨ ਇਹ ਸਰਕਾਰ ਆਪਣੇ ਫ਼ੈਸਲਿਆਂ ਤੋਂ ਪਲਟਦੀ ਹੀ ਰਹੀ। ਸੰਨ 1990 ਵਿਚ ਦੇਸ਼ ’ਚ ਆਰਥਿਕ ਸੁਧਾਰਾਂ ਦਾ ਮੁੱਢ ਬੰਨ੍ਹਣ ਵਾਲੇ ਮਨਮੋਹਨ ਸਿੰਘ ਨੇ ਕਿਹਾ ਕਿ ਦੇਸ਼ ਦੀ ਵਿਕਾਸ ਦਰ ਹੇਠਾਂ ਜਾ ਰਹੀ ਹੈ ਤੇ ਮੋਦੀ ਸਰਕਾਰ ਅਰਥਵਿਵਸਥਾ ਨੂੰ ‘ਡਾਂਵਾਡੋਲ’ ਛੱਡ ਕੇ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕ ਰੋਜ਼ ਦੇ ਲਾਰਿਆਂ ਤੋਂ ਅੱਕ ਚੁੱਕੇ ਹਨ ਤੇ ਅੰਦਰਖ਼ਾਤੇ ਇਨ੍ਹਾਂ ‘ਭੁਲੇਖਾਪਾਊ ਨੀਤੀਆਂ ਤੇ ਹਿੱਕ ਠੋਕ ਕੇ ਕੀਤੇ ਜਾਂਦੇ ਫੋਕੇ ਦਾਅਵਿਆਂ’ ਖ਼ਿਲਾਫ਼ ਲਹਿਰ ਸਰਗਰਮ ਹੋ ਰਹੀ ਹੈ।

VIA PUNJAB