ਉਭਰਦੇ ਵਕੀਲ ਅਤੇ ਜੱਜ ਆਪਸੀ ਮਤਭੇਦਾਂ ਨੂੰ ਮੁੱਦਾ ਨਾ ਬਣਾਉਣ: ਚੀਫ ਜਸਟਿਸ

ਨਵੀਂ ਦਿੱਲੀ – ਚੀਫ਼ ਜਸਟਿਸ ਦੀਪਕ ਮਿਸ਼ਰਾ ਨੇ ਉਭਰਦੇ ਵਕੀਲਾਂ ਅਤੇ ਜੱਜਾਂ ਨੂੰ ਅੱਜ ਕਿਹਾ ਕਿ ਉਹ ਅੰਦਰੂਨੀ ਮਤਭੇਦਾਂ ਅਤੇ ਧਿਆਨ ਵੰਡਾਉਣ ਵਾਲੀਆਂ ਗੱਲਾਂ ਤੋਂ ਪ੍ਰਭਾਵਿਤ ਨਾ ਹੋਣ ਅਤੇ ਅਜਿਹੀ ਸਥਿਤੀ ਦਾ ਠਰ੍ਹੰਮੇ ਨਾਲ ਟਾਕਰਾ ਕਰਨ। ਉਹ ਇਥੇ ਕੌਮੀ ਲਾਅ ਯੂਨੀਵਰਸਿਟੀ ਦੇ ਛੇਵੇਂ ਡਿਗਰੀ ਵੰਡ ਸਮਾਗਮ ਦੇ ਮੌਕੇ ’ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰ ਰਹੇ ਸਨ। ਚੀਫ ਜਸਟਿਸ ਨੇ ਵਿਦਿਆਰਥੀਆਂ ਨੂੰ ਕਿਹਾ, ‘‘ ਤੁਹਾਨੂੰ ਅੰਦਰੂਨੀ ਮਤਭੇਦਾਂ ਅਤੇ ਧਿਆਨ ਵੰਡਾਊ ਹਾਲਾਤ ਤੋਂ ਪ੍ਰਭਾਵਿਤ ਨਾ ਹੋਣ ਦਾ ਰਵੱਈਆ ਵਿਕਸਤ ਕਰਨਾ ਚਾਹੀਦਾ ਹੈ। ਦਿ੍ੜ੍ਹ ਅਤੇ ਹਿੰਮਤੀ ਬਣੇ ਰਹੋ।’’ ਉਨ੍ਹਾਂ ਕਿਹਾ ਕਿ ਉਭਰਦੇ ਵਕੀਲਾਂ ਲਈ ਵੱਖ ਵੱਖ ਸਮਾਜਿਕ ਵਖਰੇਵਿਆਂ ਦੇ ਗੁਪਤ ਅਸਰਾਂ ਅਤੇ ਸਮਾਜ ਨੂੰ ਵੰਡਣ ਵਾਲੀਆਂ ਅਸਮਾਨਤਾਵਾਂ ਨਾਲ ਰੂਬਰੂ ਹੋਣਾ ਮਹੱਤਵਪੂਰਨ ਹੈ। ਉਨ੍ਹਾਂ ਕਿਹਾ, ‘‘ਜਦੋਂ ਤਕ ਤੁਸੀਂ ਅਜਿਹਾ ਨਹੀਂ ਕਰਦੇ, ਤੁਸੀਂ ਵਕੀਲ ਜਾਂ ਇਕ ਪ੍ਰਸ਼ਾਸਕ ਵਜੋਂ ਆਪਣੀ ਭੂਮਿਕਾ ਵਿੱਚ ਖ਼ਰੇ ਨਹੀਂ ਉਤਰ ਸਕਦੇ। ਸਮਾਜਿਕ ਅਸਲੀਅਤ ਦੀ ਵਿਆਪਕ ਅਤੇ ਵਿਹਾਰਕ ਸਮਝ ਤੋਂ ਬਿਨਾਂ ਤੁਸੀਂ ਕਾਨੂੰਨ ਅਤੇ ਸਮਾਜਿਕ ਪ੍ਰਭਾਵਾਂ ਨੂੰ ਇਕ ਦੂਜੇ ਨਾਲ ਜੋੜਨ ਦੇ ਯੋਗ ਨਹੀਂ ਹੋ ਸਕੋਗੋ।’’ ਉਨ੍ਹਾਂ ਕਿਹਾ, ‘‘ਜਨ ਕਲਿਆਣ ਸਭ ਤੋਂ ਉੱਚਾ ਕਾਨੂੰਨ ਹੈ।’’ ਚੀਫ਼ ਜਸਟਿਸ ਨੇ ਕਿਹਾ, ‘‘ ਤੁਸੀਂ ਸਮਾਨ ਅਧਿਕਾਰ, ਸੁਤੰਤਰਤਾ ਅਤੇ ਨਿਆਂ ਦੀ ਮੁਹਿੰਮ ਵਿੱਚ ਬਦਲਾਅ ਦੇ ਲੜਾਕੇ ਹੋ।’’ ਤੁਸੀਂ ਲੋਕਾਂ ਨੂੰ ਨਿਆਂ ਦੇਣ ਦੀ ਪ੍ਰਕਿਰਿਆ ਵਿੱਚ ਯੋਗਦਾਨ ਦੇਣ ਵਾਲੇ ਬਣਨ ਜਾ ਰਹੇ ਹੋ। ਵਕੀਲ ਵਜੋਂ ਹਮੇਸ਼ਾ ਆਪਣਾ ਕੁਝ ਸਮਾਂ ਲੋੜਵੰਦਾਂ ਦੀ ਭਲਾਈ ਨੂੰ ਸਮਰਪਿਤ ਕਰੋ।’’ ‘‘ਲੋਕ ਭਲਾਈ ਸਭ ਤੋਂ ਉੱਚਾ ਕਾਨੂੰਨ ਹੈ। ਸਮਾਜ ਦੇ ਪੱਛੜੇ ਵਰਗ ਨੂੰ ਲੈ ਕੇ ਆਪਣੇ ਪੇਸ਼ੇ ਵਿੱਚ ਅੱਗੇ ਵਧਣ ਨਾਲ ਤੁਹਾਡੇ ’ਚ ਸੰਤੁਸ਼ਟੀ ਦੀ ਭਾਵਨਾ ਪੈਦਾ ਹੋਵੇਗੀ, ਜੋ ਕਿਤੇ ਵੱਡੀ ਪ੍ਰਾਪਤੀ ਹੋਵੇਗੀ।’’ ਉਨ੍ਹਾਂ ਵਿਦਿਆਰਥੀਆਂ ਨੂੰ ਕਾਨੂੰਨ ਦੇ ਹਾਲ ਆਫ ਫੇਮ ਵਿੱਚ ਦਾਖਲੇ ਲਈ ਉੱਚ ਇੱਛਾਸ਼ਕਤੀ ਰੱਖਣ ਅਤੇ ਆਪਣੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਲਈ ਵਧੇਰੇ ਹਿੰਮਤ ਰੱਖਣ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ, ‘‘ਤੁਹਾਨੂੰ ਵਿਚਾਰਾਂ ਦੀ ਸਪੱਸ਼ਟਤਾ ਦਾ ਗੁਣ ਅਤੇ ਬੌਧਿਕ ਸ਼ਕਤੀ ਪੈਦਾ ਕਰਨੀ ਚਾਹੀਦੀ ਹੈ। ਇਹ ਮੁੱਖ ਗੁਣ ਹਨ ਜਿਸ ਨੂੰ ਉਭਰਦੇ ਵਕੀਲਾਂ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।’’ ਉਨ੍ਹਾਂ ਕਿਹਾ, ‘‘ ਉਮਰ ਮਾਅਨੇ ਨਹੀਂ ਰੱਖਦੀ। ਨੌਜਵਾਨ ਬਜ਼ੁਰਗ ਨੂੰ ਪੜ੍ਹਾ ਸਕਦਾ ਹੈ। ਮੈਂ ਡਿਗਰੀ ਹੋਲਡਰਾਂ ਤੋਂ ਗਿਆਨ ਹਾਸਲ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਾਂ।’’

VIA PUNJAB