ਕਰਤਾਰਪੁਰ ਸਾਹਿਬ ਲਾਂਘਾ ਖੁਲਵਾਉਣ ਅਤੇ ’84 ਦੇ ਦੋਸ਼ੀਆਂ ਨੂੰ ਜੇਲ੍ਹ ਭੇਜਣ ਵਾਲਾ ਮੋਦੀ ਸਿੱਖਾਂ ਦੀ ਵੋਟ ਦਾ ਹੱਕਦਾਰ : ਸੁਖਬੀਰ ਸਿੰਘ ਬਾਦਲ

ਕਿਹਾ-ਢਾਈ ਸਾਲ ਲੋਕਾਂ ਨੂੰ ਮੂੰਹ ਨਾ ਦਿਖਾਉਣ ਵਾਲਾ ਕੈਪਟਨ ਹੁਣ ਕਿਸ ਮੂੰਹ ਨਾਲ ਮੰਗ ਰਿਹੈ ਵੋਟ

ਤਲਵੰਡੀ ਸਾਬੋ –  ਸਿੱਖਾਂ ਦੀਆਂ ਲੰਬੇ ਸਮੇਂ ਤੋਂ ਉਠਾਈਆਂ ਜਾ ਰਹੀਆਂ ਮੰਗਾਂ ਵਿੱਚੋਂ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਅਤੇ ਨਵੰਬਰ 1984 ਦੇ ਦਿੱਲੀ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਦੁਵਾਉਣ ਵਾਲੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ  ਹੀ ਸਿੱਖਾਂ ਦੀ ਵੋਟ ਦੇ ਹੱਕਦਾਰ ਹਨ।ਉਕਤ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਨੇ ਅੱਜ ਬਠਿੰਡਾ ਤੋਂ ਅਕਾਲੀ ਭਾਜਪਾ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਦੀ ਚੋਣ ਮੁਹਿੰਮ ਦੇ ਮੱਦੇਨਜਰ ਹਲਕਾ ਤਲਵੰਡੀ ਸਾਬੋ ਦੇ ਪਿੰਡਾਂ ਵਿੱਚ ਚੋਣ ਸਭਾਵਾਂ ਨੂੰ ਸੰਬੋਧਨ ਦੌਰਾਨ ਕੀਤਾ। ਉਨ੍ਹਾਂ ਇਸ ਮੌਕੇ ਕਿਹਾ ਕਿ ਕਿਸਾਨਾਂ ਨੂੰ ਜਿੰਨੀਆਂ ਸਹੂਲਤਾਂ ਦਿੱਤੀਆਂ, ਦਲਿਤ ਵਰਗ ਲਈ ਜਿੰਨੀਆਂ ਲੋਕ ਭਲਾਈ ਸਕੀਮਾਂ ਚਲਾਈਆਂ ਉਹ ਪਿਛਲੀ ਅਕਾਲੀ ਭਾਜਪਾ ਸਰਕਾਰ ਸਮੇਂ ਹੀ ਚਲਾਈਆਂ ਗਈਆਂ ਜਦੋਂਕਿ ਮੌਜੂਦਾ ਕੈਪਟਨ ਸਰਕਾਰ ਵੱਲੋਂ ਤਾਂ ਆਟਾ ਦਾਲ ਦੇ ਕਾਰਡ ਤੱਕ ਕੱਟ ਦਿੱਤੇ ਗਏ ਤੇ ਗਰੀਬ ਵਰਗ ਦੇ ਲੋਕਾਂ ਨੂੰ ਵੱਡੇ ਬਿਜਲੀ ਬਿੱਲ ਭੇਜਣ ਤੋਂ ਸਿਵਾਏ ਹੋਰ ਕੁਝ ਨਹੀ ਕੀਤਾ। ਉਨ੍ਹਾਂ ਕਿਹਾ ਕਿ ਹੁਣ ਸਰਕਾਰ ਬਨਣ ਤੇ ਉਨਾਂ ਦਾ ਸਭ ਤੋਂ ਪਹਿਲਾ ਕੰਮ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇ ਕੇ ਆਧੁਨਿਕ ਬਣਾਉਣ ਦਾ ਹੋਵੇਗਾ। ਸ੍ਰ.ਬਾਦਲ ਨੇ ਇਸ ਮੌਕੇ ਕਿਹਾ ਕਿ ਸਮੁੱਚਾ ਬਾਦਲ ਪਰਿਵਾਰ ਹਮੇਸ਼ਾਂ ਲੋਕਾਂ ਵਿੱਚ ਹਾਜਿਰ ਰਹਿੰਦਾ ਹੈ ਭਾਂਵੇ ਸਰਕਾਰ ਹੋਵੇ ਜਾਂ ਨਾ ਹੋਵੇ ਪ੍ਰੰਤੂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੱਸੇ ਕਿ ਢਾਈ ਸਾਲ ਤੱਕ ਲੋਕਾਂ ਨੂੰ ਮੂੰਹ ਵੀ ਨਾ ਦਿਖਾ ਕੇ ਹੁਣ ਉਹ ਕਿਸ ਮੂੰਹ ਨਾਲ ਵੋਟਾਂ ਮੰਗ ਰਹੇ ਹਨ।ਉਨਾਂ ਨੇ ਲੋਕਾਂ ਨੂੰ ਹਰਸਿਮਰਤ ਬਾਦਲ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਰਾਜਾ ਵੜਿੰਗ 19 ਤੋਂ ਬਾਅਦ ਤੁਹਾਨੂੰ ਕਦੇ ਦਿਖਾਈ ਨਹੀ ਦੇਣਾ ਜਦੋਂਕਿ ਬਾਦਲ ਪਰਿਵਾਰ ਦਾ ਜਿਉਣਾ ਮਰਨਾ ਹੀ ਲੋਕਾਂ ਵਿੱਚ ਹੈ।ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜਨ:ਸਕੱ: ਅਤੇ ਹਲਕੇ ਦੇ ਸਾਬਕਾ ਵਿਧਾਇਕ ਸ੍ਰ.ਜੀਤਮਹਿੰਦਰ ਸਿੰਘ ਸਿੱਧੂ ਨੇ ਸ੍ਰ.ਬਾਦਲ ਨੂੰ ਜੀ ਆਇਆਂ ਕਹਿੰਦਿਆਂ ਯਕੀਨ ਦਵਾਇਆ ਕਿ ਹਲਕਾ ਤਲਵੰਡੀ ਸਾਬੋ ਤੋਂ ਬੀਬਾ ਬਾਦਲ ਨੂੰ ਵੱਡੀ ਲੀਡ ਦਵਾਈ ਜਾਵੇਗੀ। ਇਸ ਮੌਕੇ ਸਟੇਜ ਦੀ ਭੂਮਿਕਾ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮੋਹਣ ਸਿੰਘ ਬੰਗੀ ਨੇ ਨਿਭਾਈ ਜਦੋਂਕਿ ਇਸ ਮੌਕੇ ਭਾਗ ਸਿੰਘ ਕਾਕਾ,ਸੁਖਬੀਰ ਚੱਠਾ,ਅਵਤਾਰ ਮੈਨੂੰਆਣਾ,ਬਾਬੂ ਸਿੰਘ ਮਾਨ, ਰਣਜੀਤ ਮਲਕਾਣਾ, ਜਗਤਾਰ ਨੰਗਲਾ, ਦਵਿੰਦਰ ਸਰਾਂ ਕੋਟਬਖਤੂ, ਬਲਵੰਤ ਲੇਲੇਵਾਲਾ, ਡੂੰਗਰ ਸੀਂਗੋ, ਚਰਨਾ ਭਾਗੀਵਾਂਦਰ, ਨਿੱਪੀ ਮਲਕਾਣਾ, ਹੈਪੀ ਬੰਗੀ, ਹੈਪੀ ਜੀਵਨ ਸਿੰਘ ਵਾਲਾ, ਸੁਰਿੰਦਰਪਾਲ ਜੀਵਨ ਸਿੰਘ ਵਾਲਾ, ਮੋਤੀ ਭਾਗੀਵਾਂਦਰ, ਕੇਵਲ ਮਾਹੀਨੰਗਲ, ਭਿੰਦਾ ਜੱਜਲ, ਗਿਆਨ ਜੱਜਲ, ਮੱਖਣ ਸੀਂਗੋ, ਜਸਪਾਲ ਨੰਬਰਦਾਰ ਲਹਿਰੀ, ਟਹਿਲ ਲਹਿਰੀ, ਅੰਗਰੇਜ ਗਾਂਧੀ ਆਦਿ ਆਗੂ ਹਾਜ਼ਰ ਸਨ।

VIA PUNJAB