ਹਰਸਿਮਰਤ ਕੌਰ ਬਾਦਲ ‘ਤੇ ਵਾਲਮਾਰਟ ਨੂੰ ਫ਼ਾਇਦਾ ਪਹੁੰਚਾਉਣ ਦਾ ਦੋਸ਼

ਚੰਡੀਗੜ੍ਹ – ਆਰ.ਐਸ.ਐਸ. ਦੇ ਸੰਗਠਨ ਸਵਦੇਸ਼ੀ ਜਾਗਰਣ ਮੰਚ (ਐਮ.ਜੇ.ਐਮ.) ਨੇ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਅਤੇ ਮੋਦੀ ਸਰਕਾਰ ਵਿੱਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ‘ਤੇ ਵਾਲਮਾਰਟ ਨੂੰ ਫ਼ਾਇਦਾ ਪਹੁੰਚਾਉਣ ਦੇ ਦੋਸ਼ ਲਗਾਏ ਹਨ। ਮੋਦੀ ਸਰਕਾਰ ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਇਹ ਸਨਸਨੀਖੇਜ਼ ਦੋਸ਼ ਕਾਫ਼ੀ ਗੰਭੀਰ ਹੈ। ਐਮ.ਜੇ.ਐਮ. ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਨੇ ਫ਼ੂਡ ਪ੍ਰੋਸੈਸਿੰਗ ਸੈਕਟਰ ‘ਚ ਐਫ਼.ਡੀ.ਆਈ. ਦਾ ਰਾਹ ਸਾਫ਼ ਕਰਨ ਲਈ ਵਾਲਮਾਰਟ ਨੂੰ ਮਦਦ ਪਹੁੰਚਾਈ। ਐਮ.ਜੇ.ਐਮ. ਨੇਤਾ ਡਾ. ਅਸ਼ਵਨੀ ਮਹਾਜਨ ਨੇ ਦੱਸਿਆ ਕਿ ਹਰਸਿਮਰਤ ਕੌਰ ਬਾਦਲ ਨੂੰ ਮੁੜ ਚੋਣਾਂ ਜਿੱਤਣ ‘ਤੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਵਧਾਈ ਨਹੀਂ ਮਿਲੀ ਸਗੋਂ ਵਾਲਮਾਰਟ ਦੇ ਸੀ.ਈ.ਓ. ਵੱਲੋਂ ਵਧਾਈ ਸੰਦੇਸ਼ ਮਿਲਿਆ। ਇਸ ਤੋਂ ਸਾਫ਼ ਹੁੰਦਾ ਹੈ ਕਿ ਹਰਸਿਮਰਤ ਕੌਰ ਬਾਦਲ ਦੇ ਵਾਲਮਾਰਟ ਨਾਲ ਖ਼ਾਸ ਰਿਸ਼ਤੇ ਹਨ ਅਤੇ ਯਕੀਨੀ ਤੌਰ ‘ਤੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਬਾਦਲ ਸਰਕਾਰ ਨੇ ਸਭ ਤੋਂ ਪਹਿਲਾਂ ਪੰਜਾਬ ਵਿੱਚ ਵਾਲਮਾਰਟ ਦੇ ਸਟੋਰ ਖ਼ੋਲਣ ਦੀ ਮਨਜ਼ੂਰੀ ਦਿੱਤੀ ਸੀ। ਇਸ ਤੋਂ ਬਾਅਦ ਜਦੋਂ ਹਰਸਿਮਰਤ ਕੌਰ ਬਾਦਲ ਮੋਦੀ ਸਰਕਾਰ ਵਿੱਚ ਮੰਤਰੀ ਬਣੀ ਤਾਂ ਉਨ੍ਹਾਂ ਨੇ ਫ਼ੂਡ ਪ੍ਰੋਸੈਸਿੰਗ ਸੈਕਟਰ ‘ਚ ਵਾਲਮਾਰਟ ਲਈ ਐਫ਼.ਡੀ.ਆਈ. ਦਾ ਰਾਹ ਸਾਫ਼ ਕੀਤਾ ਅਤੇ ਅਜਿਹਾ ਉਸ ਸਮੇਂ ਕੀਤਾ ਗਿਆ ਜਦੋਂ ਕੇਂਦਰ ਸਰਕਾਰ ਨੂੰ ਇਸ ਗੱਲ ਦਾ ਵਿਰੋਧ ਦਰਜ ਕਰਵਾਇਆ ਸੀ।

VIA PUNJAB