ਨਵੀਂ ਸਰਕਾਰ ਲਈ ਸੁਰੱਖਿਆ ਹੋਵੇਗੀ ਸਿਖਰਲੀ ਤਰਜੀਹ: ਮੋਦੀ

ਨਵੀਂ ਦਿੱਲੀ – ਨਰਿੰਦਰ ਮੋਦੀ ਨੇ ਦੂਜੀ ਵਾਰ ਪ੍ਰਧਾਨ ਮੰਤਰੀ ਵਜੋਂ ਹਲਫ਼ ਲੈਣ ਤੋਂ ਪਹਿਲਾਂ ਅੱਜ ਮਹਾਤਮਾ ਗਾਂਧੀ ਤੇ ਅਟਲ ਬਿਹਾਰੀ ਵਾਜਪਾਈ ਨੂੰ ਸ਼ਰਧਾਂਜਲੀ ਦਿੱਤੀ ਤੇ ਕੌਮੀ ਜੰਗੀ ਯਾਦਗਾਰ ’ਤੇ ਸ਼ਹੀਦਾਂ ਨੂੰ ਮੱਥਾ ਟੇਕਿਆ। ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਨਵੀਂ ਸਰਕਾਰ ਦੀ ਸਿਖਰਲੀ ਤਰਜੀਹ ਸੁਰੱਖਿਆ ਰਹੇਗੀ। ਉਨ੍ਹਾਂ ਕਿਹਾ ਕਿ ਰਾਸ਼ਟਰ ਪਿਤਾ, ਵਾਜਪਾਈ ਤੇ ਸ਼ਹੀਦਾਂ ਦੇ ਆਦਰਸ਼ ਨਵੀਂ ਸਰਕਾਰ ਨੂੰ ਗਰੀਬਾਂ, ਹੱਕਾਂ ਤੇ ਸਹੂਲਤਾਂ ਤੋਂ ਵਾਂਝੇ ਤੇ ਹਾਸ਼ੀਏ ’ਤੇ ਧੱਕੇ ਲੋਕਾਂ ਦੇ ਜੀਵਨ ਤੇ ਸ਼ਾਸਨ ਵਿਵਸਥਾ ਨੂੰ ਬਿਹਤਰ ਬਣਾਉਣ ਤੇ ਲੋਕਾਂ ਦੀ ਜ਼ਿੰਦਗੀ ’ਚ ਤਬਦੀਲੀ ਲਿਆਉਣ ਲਈ ਪ੍ਰੇਰਿਤ ਕਰਨਗੇ। ਸ੍ਰੀ ਮੋਦੀ ਨੇ ਇਕ ਟਵੀਟ ’ਚ ਕਿਹਾ, ‘ਰਾਜਘਾਟ ਜਾ ਕੇ ਬਾਪੂ ਨੂੰ ਸ਼ਰਧਾਂਜਲੀ ਦਿੱਤੀ ਤੇ ਸਤਿਕਾਰ ਜ਼ਾਹਿਰ ਕੀਤਾ। ਇਸ ਸਾਲ ਅਸੀਂ ਬਾਪੂ ਦੀ 150ਵੀਂ ਵਰ੍ਹੇਗੰਢ ਮਨਾ ਰਹੇ ਹਾਂ। ਮੈਂ ਆਸ ਕਰਦਾ ਹਾਂ ਕਿ ਇਹ ਵਿਸ਼ੇਸ਼ ਮੌਕੇ ਬਾਪੂ ਦੇ ਨੇਕ ਵਿਚਾਰਾਂ ਤੇ ਆਦਰਸ਼ਾਂ ਨੂੰ ਵਧੇਰੇ ਮਕਬੂਲ ਬਣਾਉਣ ਤੇ ਗਰੀਬਾਂ ਤੇ ਹਾਸ਼ੀਏ ’ਤੇ ਖੜ੍ਹੇ ਲੋਕਾਂ ਨੂੰ ਸਸ਼ਕਤ ਬਣਾਉਣ ਦੀ ਦਿਸ਼ਾ ਵਿੱਚ ਸਾਨੂੰ ਪ੍ਰੇਰਿਤ ਕਰਨਗੇ।’ ਇਕ ਹੋਰ ਟਵੀਟ ’ਚ ਉਨ੍ਹਾਂ ਕਿਹਾ, ‘ਅਸੀਂ ਆਪਣੇ ਹਰਮਨਪਿਆਰੇ ਅਟਲ ਜੀ ਨੂੰ ਹਰ ਪਲ ਯਾਦ ਕਰਦੇ ਹਾਂ। ਉਹ ਭਾਜਪਾ ਨੂੰ, ਲੋਕਾਂ ਦੀ ਸੇਵਾ ਕਰਨ ਦਾ ਇੰਨਾ ਵੱਡਾ ਮੌਕਾ ਮਿਲਦਾ ਵੇਖ, ਬਹੁਤ ਖ਼ੁਸ਼ ਹੁੰਦੇ।’ ਉਨ੍ਹਾਂ ਕਿਹਾ, ‘ਅਟਲ ਜੀ ਦੀ ਜ਼ਿੰਦਗੀ ਤੇ ਉਨ੍ਹਾਂ ਦੇ ਕੰਮਾਂ ਤੋਂ ਬਹੁਤ ਪ੍ਰੇਰਿਤ ਹਾਂ। ਅਸੀਂ ਸ਼ਾਸਨ ਵਿਵਸਥਾ ਨੂੰ ਬਿਹਤਰ ਬਣਾਉਣ ਤੇ ਲੋਕਾਂ ਦੇ ਜੀਵਨ ਵਿੱਚ ਤਬਦੀਲੀ ਲਿਆਉਣ ਦੀ ਦਿਸ਼ਾ ਵਿੱਚ ਯਤਨ ਜਾਰੀ ਰੱਖਾਂਗੇ।’ ਆਪਣੇ ਟਵੀਟ ’ਚ ਸ੍ਰੀ ਮੋਦੀ ਨੇ ‘ਫ਼ਰਜ਼ ਨਿਭਾਉਂਦਿਆਂ’ ਸ਼ਹੀਦ ਹੋਏ ਬਹਾਦਰ ਫ਼ੌਜੀਆਂ ਨੂੰ ਵੀ ਸ਼ਰਧਾਂਜਲੀ ਦਿੱਤੀ।

VIA PUNJAB