ਉੱਤਰ ਪ੍ਰਦੇਸ਼ ਵਿੱਚ ਹਨ੍ਹੇਰੀ-ਤੂਫਾਨ ਨਾਲ 19 ਵਿਅਕਤੀਆਂ ਦੀ ਮੌਤ

ਲਖਨਊ – ਉੱਤਰ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਹਨ੍ਹੇਰੀ-ਤੂਫਾਨ ਅਤੇ ਅਸਮਾਨੀ ਬਿਜਲੀ ਡਿੱਗਣ ਨਾਲ ਘੱਟੋ-ਘੱਟ 19 ਵਿਅਕਤੀਆਂ ਦੀ ਮੌਤ ਹੋ ਗਈ ਅਤੇ 48 ਹੋਰ ਜ਼ਖਮੀ ਹੋ ਗਏ| ਪ੍ਰਦੇਸ਼ ਦੇ ਰਾਹਤ ਕਮਿਸ਼ਨਰ ਦਫਤਰ ਨੇ ਅੱਜ ਦੱਸਿਆ ਕਿ ਮੈਨਪੁਰੀ ਵਿੱਚ ਸਭ ਤੋਂ ਵਧ 6 ਮੌਤਾਂ ਹੋਈਆਂ| ਏਟਾ ਅਤੇ ਕਾਸਗੰਜ ਵਿੱਚ 3-3 ਵਿਅਕਤੀਆਂ ਦੇ ਮਰਨ ਦੀ ਖਬਰ ਹੈ| ਮੁਰਾਦਾਬਾਦ ਵਿੱਚ ਅਸਮਾਨੀ ਬਿਜਲੀ ਡਿੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ| ਬਦਾਊਂ, ਪੀਲੀਭੀਤ, ਮਥੁਰਾ, ਕੰਨੌਜ, ਸੰਭਲ ਅਤੇ ਗਾਜ਼ੀਆਬਾਦ ਤੋਂ ਵੀ ਇਕ-ਇਕ ਵਿਅਕਤੀ ਦੀ ਮੌਤ ਦੀ ਖਬਰ ਹੈ| ਰਾਜ ਦੇ ਵੱਖ-ਵੱਖ ਹਿੱਸਿਆਂ ‘ਚ ਵੀਰਵਾਰ ਦੇਰ ਸ਼ਾਮ ਹਨ੍ਹੇਰੀ-ਤੂਫਾਨ ਆਇਆ| ਜਗ੍ਹਾ-ਜਗ੍ਹਾ ਦਰੱਖਤ ਟੁੱਟ ਕੇ ਡਿੱਗ ਗਏ| ਕਈ ਮਕਾਨਾਂ ਦੀਆਂ ਕੰਧਾਂ ਢਹਿ ਗਈਆਂ| ਦਫਤਰ ਨੇ ਦੱਸਿਆ ਕਿ ਸਭ ਤੋਂ ਵਧ 41 ਵਿਅਕਤੀ ਮੈਨਪੁਰੀ ਵਿੱਚ ਜ਼ਖਮੀ ਹੋਏ| ਇਸ ਦੌਰਾਨ ਰਾਜ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਹਨ੍ਹੇਰੀ-ਤੂਫਾਨ ਨਾਲ ਪ੍ਰਭਾਵਿਤ ਏਟਾ, ਕਾਸਗੰਜ, ਮੈਨਪੁਰੀ, ਮੁਰਾਦਾਬਾਦ, ਫਰੂਖਾਬਾਦ ਜਨਪਦਾਂ ਦੇ ਇੰਚਾਰਜ ਮੰਤਰੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਸੰਬੰਧਤ ਜ਼ਿਲਿਆਂ ਦਾ ਦੌਰਾ ਕਰ ਕੇ ਰਾਹਤ ਕੰਮ ਦਾ ਜਾਇਜ਼ਾ ਲੈਣ| ਉਨ੍ਹਾਂ ਨੇ ਸੰਬੰਧਤ ਜ਼ਿਲਿਆਂ ਦੇ ਜ਼ਿਲਾ ਅਧਿਕਾਰੀਆਂ ਨੂੰ ਖੁਦ ਖੇਤਰਾਂ ਦਾ ਦੌਰਾ ਕਰ ਕੇ ਰਾਹਤ ਵੰਡਣ ਦਾ ਨਿਰਦੇਸ਼ ਵੀ ਦਿੱਤਾ| ਬੁਲਾਰੇ ਨੇ ਦੱਸਿਆ ਕਿ ਜ਼ਿਲਾ ਏਟਾ ਦੇ ਇੰਚਾਰਜ ਮੰਤਰੀ ਅਤੁਲ ਗਰਗ, ਜ਼ਿਲੇ ਕਾਸਗੰਜ ਦੇ ਸੁਰੇਸ਼ ਪਾਸੀ, ਜ਼ਿਲਾ ਮੈਨਪੁਰੀ ਦੇ ਗਿਰੀਸ਼ ਯਾਦਵ, ਜ਼ਿਲਾ ਬਦਾਊਂ ਦੇ ਸਵਾਮੀ ਪ੍ਰਸਾਦ ਮੋਰੀਆ, ਜ਼ਿਲਾ ਮੁਰਾਦਾਬਾਦ ਦੇ ਮਹੇਂਦਰ ਸਿੰਘ ਅਤੇ ਜ਼ਿਲਾ ਫਰੂਖਾਬਾਦ ਦੇ ਇੰਚਾਰਜ ਮੰਤਰੀ ਚੇਤਨ ਚੌਹਾਨ ਹਨ|

VIA PUNJAB