- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਖ਼ੁਦਕੁਸ਼ੀ ਕਰ ਗਏ ਕਿਸਾਨ ਦੇ ਪਰਿਵਾਰ ਦੀ 24 ਵਿੱਘੇ ਜ਼ਮੀਨ ਵੀ ਵਿਕੀ-ਸਰਕਾਰ ਨੇ ਨਹੀਂ ਕੀਤੀ ਮਾਲੀ ਮਦਦ
ਗੁਰਬਤ ਦੀ ਦਲਦਲ ਵਿੱਚ ਧਸ ਰਹੇ ਪਰਿਵਾਰ ਦੀ ਕੋਈ ਨਹੀਂ ਫੜ ਰਿਹਾ ਬਾਂਹ
ਸ਼ੇਰਪੁਰ – ‘ਘਾਲਿ ਖਾਇ ਕਿਛੁ ਹਥਹੁ ਦੇਇ।। ਨਾਨਕ ਰਾਹੁ ਪਛਾਣਹਿ ਸੇਇ।।’ ਅਤੇ ਅਜਿਹੇ ਹੋਰ ਮਹਾਂਵਾਕਾਂ ਰਾਹੀਂ ਸਾਨੂੰ ਗੁਰੂ ਨਾਨਕ ਦੇਵ ਜੀ ਦੇ ਕਿਰਤ ਕਰਨ ਤੇ ਭਾਈਚਾਰਕ ਸਾਂਝ ਦੇ ਸਿਧਾਂਤਾਂ ਦੀ ਪਛਾਣ ਹੁੰਦੀ ਹੈ। ਬਾਬਾ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਂਦਿਆਂ ਸਾਨੂੰ ਪੰਜਾਬ ਦੇ ਕਿਰਤੀਆਂ ਦੇ ਅਜੋਕੇ ਹਾਲਾਤ ਨੂੰ ਘੋਖਣਾ ਅਤੇ ਵਿਚਾਰਨਾ ਚਾਹੀਦਾ ਹੈ। ਸ਼ੇਰਪੁਰ, 22 ਦਸੰਬਰ (ਹਰਜੀਤ ਕਾਤਿਲ )- ਪਿੰਡ ਅਲਾਲ ‘ਚ 60 ਵਿੱਘੇ ਜ਼ਮੀਨ ਦੇ ਮਾਲਕ ਜੰਗੀਰ ਸਿੰਘ ਅਤੇ ਉਸ ਦੇ ਚਾਰ ਭਰਾਵਾਂ ਦੀ ਕਿਸੇ ਵੇਲੇ ਪਿੰਡ ਵਿੱਚ ਪੂਰੀ ਚੜ੍ਹਾਈ ਸੀ ਪਰ ਘਰ ਦੀ ਵੰਡ ਮਗਰੋਂ ਕਰਜ਼ੇ ‘ਚ ਘਿਰੇ ਜੰਗੀਰ ਸਿੰਘ ਨੇ ਖੁਦਕੁਸ਼ੀ ਕਰ ਲਈ। ਉਸ ਦੇ ਜਾਨ ਮਗਰੋਂ ਉਨ੍ਹਾਂ ਹਿੱਸੇ ਆਉਂਦੀ ਤਕਰੀਬਨ 24 ਵਿੱਘੇ ਜ਼ਮੀਨ ਵੀ ਵਿਕ ਗਈ। ਪਰਿਵਾਰ ਗੁਰਬਤ ‘ਚ ਦਿਨ ਕੱਟ ਰਿਹਾ ਹੈ ਪਰ ਸਰਕਾਰ ਨੇ ਉਸ ਦੀ ਕੋਈ ਮਾਲੀ ਮਦਦ ਨਹੀਂ ਕੀਤੀ।ਜੰਗੀਰ ਸਿੰਘ ਦੀ ਵਿਧਵਾ ਮਲਕੀਤ ਕੌਰ ਨੇ ਦੱਸਿਆ ਕਿ ਕਿਸੇ ਸਮੇਂ ਉਨ੍ਹਾਂ ਦੇ ਪਰਿਵਾਰ ਕੋਲ 60 ਵਿੱਘੇ ਜ਼ਮੀਨ ਸੀ, ਪੰਜੇ ਭਰਾਵਾਂ ਦੀ ਪਿੰਡ ਵਿੱਚ ਪੂਰੀ ਠੁੱਕ ਸੀ। ਪਰਿਵਾਰ ਖੁਸ਼ਹਾਲ ਜੀਵਨ ਹੰਢਾ ਰਿਹਾ ਸੀ ਪਰ ਜਦੋਂ ਜੰਗੀਰ ਸਿੰਘ ਅਤੇ ਉਸ ਦੇ ਇੱਕ ਹੋਰ ਭਰਾ ਦਾ ਵਿਆਹ ਹੋ ਗਿਆ ਤਾਂ ਘਰ ਦੀ ਵੰਡ ਕਰਨੀ ਪਈ। ਘਰ ਦੀ ਵੰਡ ਮਗਰੋਂ ਜੰਗੀਰ ਸਿੰਘ ਦੇ ਤਿੰਨ ਕੁਆਰੇ ਭਰਾਵਾਂ ‘ਚੋ ਇੱਕ ਆਪਣੇ 12 ਵਿੱਘੇ ਹਿੱਸੇ ਸਮੇਤ ਉਨ੍ਹਾਂ ਨਾਲ ਆ ਗਿਆ ਅਤੇ ਦੋ ਭਰਾ ਆਪਣੇ ਹਿੱਸੇ ਦੀ ਜ਼ਮੀਨ ਸਮੇਤ ਦੂਜੇ ਪਾਸੇ ਚਲੇ ਗਏ। ਉਨ੍ਹਾਂ ਆਪਣੇ ਪੁੱਤਰ ਜੱਗਰ ਸਿੰਘ ਦਾ ਵਿਆਹ 15-16 ਸਾਲ ਦੀ ਉਮਰ ਵਿੱਚ ਹੀ ਕਰ ਦਿੱਤਾ। ਮਲਕੀਤ ਕੌਰ ਨੇ ਨਾ ਤਾਂ ਪਤੀ ਨੂੰ ਘਰ ਦੀ ਆਰਥਿਕ ਹਾਲਤ ਪੁੱਛੀ ਅਤੇ ਨਾ ਹੀ ਪਤੀ ਨੇ ਉਸ ਨਾਲ ਕਦੇ ਢਿੱਡ ਦੀ ਗੱਲ ਸਾਂਝੀ ਕੀਤੀ। ਮਲਕੀਤ ਕੌਰ ਨੇ ਭਰੀਆਂ ਅੱਖਾਂ ਨਾਲ ਦੱਸਿਆ 7 ਅਪਰੈਲ 1997 ਨੂੰ ਪਤੀ ਜੰਗੀਰ ਸਿੰਘ ਦੀ ਖ਼ੁਦਕੁਸ਼ੀ ਦਾ ਪਤਾ ਲੱਗਾ। ਖ਼ੁਦਕੁਸ਼ੀ ਦੀ ਖ਼ਬਰ ਮਿਲਣ ‘ਤੇ ਪੂਰੇ ਪਰਿਵਾਰ ਦੇ ਹੋਸ਼ ਉਡੇ ਗਏ ਅਤੇ ਪੁਲੀਸ ਕੋਲ ਕਿਸ ਨੇ ਕੀ ਲਿਖਾਇਆ, ਇਹ ਵੀ ਕਿਸੇ ਦੇ ਧਿਆਨ ਵਿੱਚ ਨਹੀਂ ਸੀ। ਬਾਅਦ ਵਿੱਚ ਕੁਝ ਲੋਕ ਉਨ੍ਹਾਂ ਦੇ ਘਰ ਪਰਨੋਟ ਲੈ ਕੇ ਆਉਣ ਲੱਗੇ ਅਤੇ ਪਰਿਵਾਰ ਮੁਖੀ ਨੂੰ ਦਿੱਤਾ ਕਰਜ਼ਾ ਵਾਪਸ ਮੰਗਣ ਲੱਗੇ। ਰੇਹ, ਤੇਲ, ਖਾਦਾਂ ਦੇ ਪੈਸੇ, ਧੀ ਦਾ ਵਿਆਹ ਅਤੇ ਹੋਰ ਖਰਚਿਆਂ ਨਾਲ ਪਰਿਵਾਰ ਦੀ ਆਰਥਿਕਤਾ ਦਾ ਦਮ ਨਿਕਲ ਗਿਆ ਅਤੇ ਸਾਰੀ ਜ਼ਮੀਨ ਵਿਕ ਗਈ। ਚਾਰੇ ਲਈ ਜ਼ਮੀਨ ਨਾ ਹੋਣ ਕਾਰਨ ਸਾਰੇ ਪਸ਼ੂ ਵਿਕ ਗਏ ਅਤੇ ਘਰ ਦੇ ਹਾਲਾਤ ਦਿਨੋ-ਦਿਨ ਬਦਤਰ ਹੋਣ ਲੱਗੇ। ਜੰਗੀਰ ਸਿੰਘ ਦੇ ਪਰਿਵਾਰ ਨਾਲ ਰਹਿੰਦੇ ਉਸ ਦੇ ਭਰਾ ਬਹਾਦਰ ਸਿੰਘ ਨੂੰ ਦਿਸਦਾ ਨਹੀਂ, ਜਿਸ ਕਾਰਨ ਉਹ ਇੱਕ ਜਗ੍ਹਾ ਹੀ ਬੈਠਾ ਰਹਿੰਦਾ ਹੈ। ਘਰ ਦੀਆਂ ਬਿਮਾਰੀਆਂ, ਉਸ ਦੇ ਪੋਤਰੇ ਤੇ ਪੋਤਰੀ ਦੀ ਪੜ੍ਹਾਈ ਦੇ ਮੱਦੇਨਜ਼ਰ ਘਰ ਦਾ ਖਰਚ ਚਲਾਉਣ ਲਈ ਉਸ ਦਾ ਪੁੱਤਰ ਨਿੱਜੀ ਸਕੂਲ ਦੀ ਬੱਸ ਚਲਾਉਣ ਲੱਗਿਆ। ਨੂੰਹ-ਸੱਸ ਨੇ ਘਰ ਦਾ ਗੁਜ਼ਾਰਾ ਕਰਨ ਲਈ 10-10 ਰੁਪਏ ਦੇ ਖੇਸ ਬੁਣੇ, ਲੋਕਾਂ ਦੀਆਂ ਕਪਾਹਾਂ ਚੁਗੀਆਂ, ਦਰੀਆਂ ਬੁਣੀਆਂ, ਤਾਣੇ ਬੁਣੇ, ਦਿਹਾੜੀਆਂ ਕੀਤੀਆਂ ਪਰ ਫਿਰ ਵੀ ਗੁਰਬਤ ਨੇ ਉਨ੍ਹਾਂ ਦਾ ਖਹਿੜਾ ਨਾ ਛੱਡਿਆ। ਜੰਗੀਰ ਸਿੰਘ ਦੀ ਨੂੰਹ ਜਸਵੀਰ ਕੌਰ ਨੇ ਦੱਸਿਆ ਕਿ ਉਸ ਦਾ 22 ਕੁ ਸਾਲਾ ਪੁੱਤਰ ਭਾਵੇਂ ਆਪਣੀ ਪੜ੍ਹਾਈ ਜਾਰੀ ਰੱਖਣਾ ਚਾਹੁੰਦਾ ਸੀ ਪਰ ਘਰ ਦੀਆਂ ਤੰਗੀਆਂ-ਤੁਰਸ਼ੀਆਂ ਕਾਰਨ ਉਸ ਦੀ ਪੜ੍ਹਾਈ ਅੱਧ ਵਿਚਾਲੇ ਛੁਡਵਾ ਕੇ ਉਸ ਨੂੰ ਫੈਕਟਰੀ ਵਿੱਚ ਲਵਾਇਆ ਹੈ ਤਾਂ ਕਿ ਪਰਿਵਾਰ ਦੀ ਥੋੜੀ ਜੂਨ ਸੁਧਰ ਸਕੇ। ਪੁਲੀਸ ‘ਚ ਭਰਤੀ ਹੋਣ ਦੀ ਇਛੁੱਕ ਉਸ ਦੀ ਧੀ ਦੀ ਉਚੇਰੀ ਪੜ੍ਹਾਈ ਦਾ ਭਾਵੇਂ ਘਰ ਦੀ ਗਰੀਬੀ ਨੇ ਵਾਰ-ਵਾਰ ਰਸਤਾ ਰੋਕਿਆ ਪਰ ਜਸਵੀਰ ਦਾ ਪੇਕਾ ਪਰਿਵਾਰ ਪੜ੍ਹਾਈ ਵਿੱਚ ਉਸ ਦੀ ਮਦਦ ਕਰ ਰਿਹਾ ਹੈ। ਫਿਲਹਾਲ ਉਹ ਬੀਏ ਭਾਗ ਦੂਜਾ ਵਿੱਚ ਪੜ੍ਹ ਰਹੀ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਮਿਲਦੀ ਸਹਾਇਤਾ ਰਾਸ਼ੀ ਇਸ ਲਈ ਨਹੀਂ ਮਿਲ ਰਹੀ ਕਿਉਂਕਿ ਉਸ ਵੇਲੇ ਅਨਪੜ੍ਹਤਾ ਕਾਰਨ ਪੁਲੀਸ ਕੋਲ ਮੌਤ ਦੇ ਅਸਲ ਕਾਰਨ ਦੀ ਰਿਪੋਰਟ ਨਹੀਂ ਲਿਖਵਾਈ ਜਾ ਸਕੀ। ਪਰਿਵਾਰ ਨੇ ਕਿਹਾ ਕਿ ਜੇ ਉਨ੍ਹਾਂ ਨੂੰ ਸਰਕਾਰ ਵੱਲੋਂ ਰਾਹਤ ਰਾਸ਼ੀ ਮਿਲ ਜਾਵੇ ਤਾਂ ਪਰਿਵਾਰ ਨੂੰ ਕਾਫ਼ੀ ਸਹਾਰਾ ਮਿਲ ਸਕਦਾ ਹੈ। ਪਿੰਡ ਦੇ ਸਾਬਕਾ ਸਰਪੰਚ ਸਰਬਜੀਤ ਸਿੰਘ ਅਲਾਲ ਨੇ ਦੱਸਿਆ ਕਿ ਉਹ ਇਸ ਤੋਂ ਪਹਿਲੀ ਟਰਮ ਵਿੱਚ ਪਿੰਡ ਦੇ ਸਰਪੰਚ ਸਨ। ਉਸ ਵੇਲੇ ਖ਼ੁਦਕੁਸ਼ੀਆਂ ਸਬੰਧੀ ਹੋਏ ਸਰਵੇਖਣ ਦੌਰਾਨ ਉਨ੍ਹਾਂ ਨੇ ਇਸ ਪਰਿਵਾਰ ਦੇ ਮੁਖੀ ਦੀ ਕਰਜ਼ੇ ਕਾਰਨ ਹੋਈ ਮੌਤ ਸਬੰਧੀ ਜਾਣਕਾਰੀ ਦੇ ਦਿੱਤੀ ਸੀ ਪਰ ਉਸ ਸਰਵੇਖਣ ਮਗਰੋਂ ਵੀ ਇਸ ਪਰਿਵਾਰ ‘ਤੇ ਸਰਕਾਰ ਦੀ ਸਵੱਲੀ ਨਜ਼ਰ ਨਹੀਂ ਪਈ। ਉਨ੍ਹਾਂ ਇਸ ਪਰਿਵਾਰ ਦੀ ਤਰਸਯੋਗ ਹਾਲਤ ਦੀ ਗਵਾਹੀ ਭਰਦਿਆਂ ਮੰਗ ਕੀਤੀ ਕਿ ਸਰਕਾਰ ਇਸ ਪਰਿਵਾਰ ਨੂੰ ਖੁਦਕੁਸ਼ੀ ਰਾਹਤ ਸਹਾਇਤਾ ਰਾਸ਼ੀ ਪ੍ਰਦਾਨ ਕਰੇ।


