ਨੌਜਵਾਨੀ ਨੂੰ ਸਿੱਖੀ ਜਜ਼ਬੇ ਨਾਲ ਜੋੜਨ ਲਈ ਹੋਲਾ-ਮਹੱਲਾ ਦੀ ਪਰੰਪਰਾ ਤੋਂ ਸੇਧ ਲੈਣ ਦੀ ਲੋੜ: ਗਿਆਨੀ ਹਰਨਾਮ ਸਿੰਘ ਖ਼ਾਲਸਾ

ਹੋਲਾ-ਮਹੱਲਾ ਮੌਕੇ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਹਜ਼ੂਰ ਸਾਹਿਬ ਵਿਖੇ ਕੀਤੀ ਕਥਾ
ਨਾਂਦੇੜ, 19 ਮਾਰਚ (ਤਲਵਿੰਦਰ ਸਿੰਘ ਬੁੱਟਰ)
ਖ਼ਾਲਸਾ ਪੰਥ ਦੇ ਜਾਹੋ-ਜਲਾਲ ਦੇ ਪ੍ਰਤੀਕ ਕੌਮੀ ਜੋੜ-ਮੇਲਾ ਹੋਲਾ-ਮਹੱਲਾ ਮੌਕੇ ਤਖ਼ਤ ਸ੍ਰੀ ਹਜ਼ੂਰ ਸਾਹਿਬ, ਅਬਿਚਲ ਨਗਰ, ਹਜ਼ੂਰ ਸਾਹਿਬ ਵਿਖੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਨ ਪਹੁੰਚੇ ਦਮਦਮੀ ਟਕਸਾਲ ਦੇ ਮੁਖੀ ਅਤੇ ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨੇ ਹੋਲਾ-ਮਹੱਲਾ ਦੀ ਕਥਾ ਕਰਦਿਆਂ ਸਿੱਖ ਕੌਮ ਨੂੰ ਆਪਣੇ ਨਿਆਰੇਪਨ ਅਤੇ ਕੌਮੀ ਹੋਂਦ ਨੂੰ ਜਲਵਾਗਰ ਕਰਨ ਅਤੇ ਨੌਜਵਾਨੀ ਨੂੰ ਸਿੱਖੀ ਜਜ਼ਬੇ ਨਾਲ ਜੋੜਣ ਦੀ ਅਪੀਲ ਕੀਤੀ ਹੈ।
ਇਸ ਤੋਂ ਪਹਿਲਾਂ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਕੀਤੀ ਅਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਦੇ ਨਾਲ ਮਹੱਲਾ ਵਿਚ ਸ਼ਿਰਕਤ ਕੀਤੀ।

ਹੋਲਾ-ਮਹੱਲਾ ਦੀ ਕਥਾ ਕਰਦਿਆਂ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ ਉਪਰੰਤ ਮਾਯੂਸ ਹੋਈ ਸਿੱਖ ਸੰਗਤ ਅੰਦਰ ਚੜ੍ਹਦੀਕਲਾ, ਕਿਰਿਆਸ਼ੀਲਤਾ ਅਤੇ ਜ਼ੁਲਮ ਦੇ ਟਾਕਰੇ ਲਈ ਹਥਿਆਰਬੰਦ ਸੰਘਰਸ਼ ਦਾ ਜਜ਼ਬਾ ਪੈਦਾ ਕਰਨ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹੋਲਾ-ਮਹੱਲਾ ਦੀ ਰੀਤ ਆਰੰਭ ਕੀਤੀ ਸੀ। ਉਨ੍ਹਾਂ ਕਿਹਾ ਕਿ ਅੱਜ ਸਿੱਖ ਕੌਮ ਚੁਫੇਰਿਓਂ ਅਨੇਕਾਂ ਚੁਣੌਤੀਆਂ ਅਤੇ ਸਮੱਸਿਆਵਾਂ ਦਾ ਸਾਹਮਣਾ ਕਰ ਰਹੀ ਹੈ, ਜਿਸ ਦਾ ਮੁਕਾਬਲਾ ਕਰਨ ਅਤੇ ਸਿੱਖ ਨੌਜਵਾਨੀ ਨੂੰ ਸਿੱਖੀ ਜਜ਼ਬੇ ਨਾਲ ਜੋੜਨ ਲਈ ਹੋਲਾ-ਮਹੱਲਾ ਦੀ ਪਰੰਪਰਾ ਤੋਂ ਸੇਧ ਲੈਣੀ ਚਾਹੀਦੀ ਹੈ। ਅੱਜ ਦੁਨੀਆ ਦੇ ਹੋਰ ਧਰਮ ਆਪੋ ਆਪਣੇ ਧਰਮ ਦੀ ਚੜ੍ਹਦੀ ਕਲਾ ਅਤੇ ਵੱਖਰੀ ਹੋਂਦ-ਹਸਤੀ ਨੂੰ ਹੋਰ ਜ਼ਿਆਦਾ ਪ੍ਰਚੰਡ ਤੇ ਬੁਲੰਦ ਕਰਨ ਲਈ ਯਤਨਸ਼ੀਲ ਹਨ ਪਰ ਖ਼ਾਲਸਾ ਪੰਥ ਆਪਣੇ ਗੁਰੂ ਸਾਹਿਬਾਨ ਦੇ ਹੁਕਮਾਂ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਨਹੀਂ ਹੋ ਰਿਹਾ, ਬਲਕਿ ਪੰਥਕ ਦੋਖੀ ਤਾਕਤਾਂ ਅੱਜ ਸਾਡੇ ਸਿਧਾਂਤਾਂ, ਪਰੰਪਰਾਵਾਂ ਅਤੇ ਇਤਿਹਾਸ ਨੂੰ ਖ਼ਤਮ ਕਰਨ ਦੀਆਂ ਚਾਲਾਂ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਾਨੂੰ ਖ਼ਾਲਸਈ ਵਿਲੱਖਣਤਾ ਅਤੇ ਉਨ੍ਹਾਂ ਸਿੱਖਿਆਵਾਂ ਦੇ ਧਾਰਨੀ ਬਣਨਾ ਚਾਹੀਦਾ ਹੈ, ਜੋ ਸਾਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਸ਼ੁਰੂ ਕੀਤੀ ‘ਹੋਲੇ ਮਹੱਲੇ’ ਦੀ ਰੀਤ ਤੋਂ ਮਿਲਦੀ ਹੈ। ਉਨ੍ਹਾਂ ਅਜੋਕੇ ਸਮੇਂ ਖ਼ਾਲਸਾ ਪੰਥ ਦੀ ਨਵੀਂ ਪਨੀਰੀ ਦੇ ਸਰੀਰਕ, ਬੌਧਿਕ, ਆਤਮਿਕ ਅਤੇ ਰੂਹਾਨੀ ਵਿਕਾਸ ਵਿਗਾਸ ਲਈ ਸੁਚੇਤ ਹੋਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਗੁਰੂ ਸਾਹਿਬਾਨ ਦੀ ਵਰੋਸਾਈ ਹੋਈ ਪੰਜਾਬ ਦੀ ਜ਼ਰਖੇਜ਼ ਧਰਤੀ ਨੂੰ ਬੰਜਰ ਹੋਣੋ ਬਚਾਉਣ ਲਈ ਪਾਣੀ, ਹਵਾ ਅਤੇ ਧਰਤੀ ਦੀ ਸੰਭਾਲ ਅਤੇ ਸਮਾਜ ਨੂੰ ਕੋਹੜ ਬਣ ਕੇ ਚਿੰਬੜੀਆਂ ਭੈੜੀਆਂ ਕੁਰੀਤੀਆਂ ਨੂੰ ਖ਼ਤਮ ਕਰਨ ਦਾ ਸੁਨੇਹਾ ਵੀ ਦਿੱਤਾ।

ਇਸ ਮੌਕੇ ਜਸਪਾਲ ਸਿੰਘ ਸਿੱਧੂ, ਅਮਰਜੀਤ ਸਿੰਘ, ਜਸਵਿੰਦਰ ਸਿੰਘ, ਹੀਰਾ ਪੱਡਾ, ਸਤਨਾਮ ਸਿੰਘ, ਪ੍ਰਕਾਸ਼ ਸਿੰਘ, ਸਤਨਾਮ ਸਿੰਘ ਮਾਨ, ਭਾਈ ਮੇਜਰ ਸਿੰਘ ਯੂ.ਐਸ.ਏ., ਪ੍ਰਭਜੀਤ ਸਿੰਘ, ਕੁਲਵੀਰ ਸਿੰਘ ਸੰਧੂ, ਗੁਰਦੇਵ ਸਿੰਘ, ਜੁਗਰਾਜ ਸਿੰਘ, ਗੁਰਚਰਨ ਸਿੰਘ ਅਤੇ ਬਲਦੇਵ ਸਿੰਘ ਆਦਿ ਵੀ ਹਾਜ਼ਰ ਸਨ।

VIA PUNJAB