ਅਮਰੀਕੀ ਪਾਬੰਦੀਆਂ ਦਾ ਰੂਸ ਤੇ ਭਾਰਤ ਦੇ ਸਬੰਧਾਂ ’ਤੇ ਕੋਈ ਅਸਰ ਨਹੀਂ: ਸੀਤਾਰਾਮਨ

ਨਵੀਂ ਦਿੱਲੀ – ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ ਅਗਲੇ ਮਹੀਨੇ ਭਾਰਤ ਦੌਰੇ ਤੋਂ ਪਹਿਲਾਂ ਰੱਖਿਆ ਮੰਤਰੀ ਨਿਰਮਲਾ ਸੀਤਾਰਾਮਨ ਨੇ ਇਹ ਸਪੱਸ਼ਟ ਸੰਕੇਤ ਦਿੱਤੇ ਹਨ ਕਿ ਭਾਰਤ ਅਤੇ ਰੂਸ ਵਿਚਾਲੇ ਰੱਖਿਆ ਸਬੰਧ ਬਹੁਤ ਮਜ਼ਬੂਤ ਹਨ ਅਤੇ ਉਹ ਇਨ੍ਹਾਂ ਸਬੰਧਾਂ ਨੂੰ ਰੂਸ ਨਾਲ ਸੈਨਿਕ ਕਾਰੋਬਾਰ ’ਤੇ ਲਗਾਈਆਂ ਪਾਬੰਦੀਆਂ ਨਾਲ ਪ੍ਰਭਾਵਿਤ ਨਹੀਂ ਹੋਣ ਦੇਣਗੇ। ਉਹ ਇਸ ਸਵਾਲ ਦਾ ਜਵਾਬ ਦੇ ਰਹੇ ਸਨ ਕਿ ਕੀ ਅਮਰੀਕਾ ਪਾਬੰਦੀਆਂ ਨਾਲ ਭਾਰਤ-ਰੂਸ ਦੇ ਰੱਖਿਆ ਸਬੰਧ ਪ੍ਰਭਾਵਿਤ ਹੋਣਗੇ। ਉਨ੍ਹਾਂ ਕਿਹਾ ਕਿ ਐਸ-400 ਮਿਜ਼ਾਈਲ ਸਮਝੌਤੇ ’ਤੇ ਬਹਿਸ ਤਕਰੀਬਨ ਸੰਪੂਰਨ ਹੋ ਚੁੱਕੀ ਹੈ ਅਤੇ ਉਨ੍ਹਾਂ ਸੰਕੇਤ ਦਿੱਤੇ ਕਿ ਭਾਰਤ ਇਸ ਨੂੰ ਛੇਤੀ ਲਾਗੂ ਕਰੇਗਾ। ਪੂਤਿਨ ਦਾ ਅਗਲੇ ਮਹੀਨੇ ਦੇ ਸ਼ੁਰੂ ਵਿੱਚ ਭਾਰਤ ਆਉਣ ਦਾ ਪ੍ਰੋਗਰਾਮ ਹੈ ਜਿਥੇ ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਭਾਰਤ-ਰੂਸ ਸਿਖਰ ਸੰਮੇਲਨ ਦੌਰਾਨ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਨ ਲਈ ਗੱਲਬਾਤ ਕਰਨਗੇ। ਰੂਸ ਭਾਰਤ ਨੂੰ ਹਥਿਆਰ ਅਤੇ ਬਾਰੂਦ ਬਰਾਮਦ ਕਰਨ ਵਾਲਾ ਵੱਡਾ ਦੇਸ਼ ਹੈ।

VIA PUNJAB