ਪ੍ਰੈੱਸ ਕਲੱਬ ਅਨੰਦਪੁਰ ਸਾਹਿਬ ਦੇ ਪ੍ਰੈੱਸ ਭਵਨ ਦਾ ਸਪੀਕਰ ਰਾਣਾ ਕੇ.ਪੀ. ਵਲੋਂ ਉਦਘਾਟਨ

ਆਪਸੀ ਧੜੇਬੰਦੀ ਦੀ ਥਾਂ ਪੱਤਰਕਾਰ ਮਿਲ ਕੇ ਸਮਾਜ ਲਈ ਕੰਮ ਕਰਨ: ਰਾਣਾ ਕੇ.ਪੀ.

ਵਾਇਆ ਪੰਜਾਬ ਬਿਊਰੋ
ਸ੍ਰੀ ਅਨੰਦਪੁਰ ਸਾਹਿਬ, 21 ਜੁਲਾਈ

ਪ੍ਰੈੱਸ ਕਲੱਬ ਅਨੰਦਪੁਰ ਸਾਹਿਬ ਵਲੋਂ ਨਿਰਮਾਣ ਕਰਵਾਏ ਗਏ ਪ੍ਰੈੱਸ ਭਵਨ ਦਾ ਉਦਘਾਟਨ ਸ਼ੁੱਕਰਵਾਰ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਵਲੋਂ ਕੀਤਾ ਗਿਆ। ਇਸ ਮੌਕੇ ਰਾਣਾ ਕੰਵਰਪਾਲ ਸਿੰਘ ਨੇ ਕਿਹਾ ਕਿ ਮੀਡੀਆ ਲੋਕਤੰਤਰ ਦਾ ਅਹਿਮ ਅੰਗ ਹੈ, ਜਿਹੜਾ ਕਿ ਸਮਾਜ ਅਤੇ ਸਰਕਾਰ ਵਿਚਾਲੇ ਪੁਲ ਦਾ ਕੰਮ ਕਰਦਾ ਹੈ। ਉਨ੍ਹਾਂ ਕਿਹਾ ਕਿ ਪੱਤਰਕਾਰਾਂ ਨੂੰ ਆਪਸੀ ਧੜੇਬੰਦੀ ਦੀ ਥਾਂ ਇਕਮੁਠਤਾ ਤੇ ਇਕਸੁਰਤਾ ਨਾਲ ਸਮਾਜ ਅਤੇ ਸਰਕਾਰ ਤੱਕ ਸਹੀ ਜਾਣਕਾਰੀ ਪਹੁੰਚਾਉਣ ਅਤੇ ਸਰਕਾਰ ਨੂੰ ਸਮੇਂ-ਸਮੇਂ ਸੁਚੇਤ ਕਰਨ ਦਾ ਕੰਮ ਬਿਹਤਰੀਨ ਤਰੀਕੇ ਨਾਲ ਕਰਨਾ ਚਾਹੀਦਾ ਹੈ।

ਇੱਥੋਂ ਦੇ ਤਹਿਸੀਲ ਭਵਨ ਦੇ ਸਾਹਮਣੇ ਬਣੇ ਪ੍ਰੈੱਸ ਭਵਨ ਦਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਵਲੋਂ ਰੀਬਨ ਕੱਟ ਕੇ ਉਦਘਾਟਨ ਕਰਨ ਤੋਂ ਬਾਅਦ ‘ਵਿਰਾਸਤ-ਏ-ਖ਼ਾਲਸਾ’ ਦੇ ਆਡੀਟੋਰੀਅਮ ਵਿਚ ਪ੍ਰੈੱਸ ਭਵਨ ਦਾ ਸ਼ਾਨਦਾਰ ਉਦਘਾਟਨੀ ਸਮਾਗਮ ਹੋਇਆ। ਇਸ ਮੌਕੇ ਖਚਾਖਚ ਭਰੇ ਆਡੀਟੋਰੀਅਮ ਵਿਚ ਉੱਘੇ ਲੋਕ ਗਾਇਕ ਪੰਮਾ ਡੂਮੇਵਾਲੀਆ ਵਲੋਂ ਵੀ ਹਾਜ਼ਰੀਨ ਦਾ ਮਨੋਰੰਜਨ ਕੀਤਾ ਗਿਆ।

ਪ੍ਰੈੱਸ ਕਲੱਬ ਅਨੰਦਪੁਰ ਸਾਹਿਬ ਵਲੋਂ ‘ਮਾਣ ਸ੍ਰੀ ਅਨੰਦਪੁਰ ਸਾਹਿਬ ਦਾ-2018’ ਐਵਾਰਡ ਇਸਤਰੀ ਸਤਿਸੰਗ ਸਭਾ ਸ੍ਰੀ ਅਨੰਦਪੁਰ ਸਾਹਿਬ ਦੀ ਪ੍ਰਧਾਨ ਬੀਬੀ ਗੁਰਚਰਨ ਕੌਰ ਨੂੰ ਦਿੱਤਾ ਗਿਆ। ਇਸ ਤੋਂ ਪਹਿਲਾਂ ਸਵੇਰ ਵੇਲੇ ਪ੍ਰੈੱਸ ਭਵਨ ਵਿਚ ਇਸਤਰੀ ਸਤਿਸੰਗ ਸਭਾ ਵਲੋਂ ਸੁਖਮਨੀ ਸਾਹਿਬ ਦਾ ਪਾਠ ਕੀਤਾ ਗਿਆ।

ਪ੍ਰੈੱਸ ਭਵਨ ਦੇ ਉਦਘਾਟਨੀ ਸਮਾਗਮ ਵਿਚ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਬਾਬਾ ਅਵਤਾਰ ਸਿੰਘ ਟਿੱਬੀ ਸਾਹਿਬ ਵਾਲੇ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਜਸਵੀਰ ਸਿੰਘ ਘੁੰਗਰਾਲੀ ਸਿੱਖਾਂ, ਨਗਰ ਕੌਂਸਲ ਪ੍ਰਧਾਨ ਹਰਜੀਤ ਸਿੰਘ ਜੀਤਾ, ਕਾਂਗਰਸੀ ਆਗੂ ਰਮੇਸ਼ ਦਸਗਰਾਈਂ, ਹਕੀਮ ਹਰਮਿੰਦਰਪਾਲ ਸਿੰਘ ਮਿਨਹਾਸ, ਪ੍ਰੇਮ ਸਿੰਘ ਬਾਸੋਵਾਲ, ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ, ਨਰਿੰਦਰ ਸਿੰਘ ਨਿੰਦਾ, ਇਸਤਰੀ ਅਕਾਲੀ ਦਲ ਦੀ ਜ਼ਿਲ੍ਹਾ ਪ੍ਰਧਾਨ ਬੀਬੀ ਕੁਲਵਿੰਦਰ ਕੌਰ ਵਿਰਕ, ਆਮ ਆਦਮੀ ਪਾਰਟੀ ਦੇ ਆਗੂ ਹਰਤੇਗਬੀਰ ਸਿੰਘ ਤੇਗੀ, ਕਾਂਗਰਸੀ ਆਗੂ ਪ੍ਰਿਤਪਾਲ ਸਿੰਘ ਗੰਡਾ, ਅਕਾਲੀ ਆਗੂ ਮਨਿੰਦਰਪਾਲ ਸਿੰਘ ਮਨੀ, ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਦੇ ਪ੍ਰਿੰ. ਜਸਬੀਰ ਸਿੰਘ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਜਥੇਦਾਰ ਰਾਮ ਸਿੰਘ ਆਦਿ ਪ੍ਰਮੁੱਖ ਸ਼ਖ਼ਸੀਅਤਾਂ ਸਮੇਤ ਸੈਂਕੜੇ ਦੀ ਗਿਣਤੀ ਵਿਚ ਸ਼ਹਿਰ ਤੇ ਇਲਾਕੇ ਦੇ ਪਤਵੰਤੇ ਹਾਜ਼ਰ ਸਨ।

ਸਮਾਗਮ ਦੇ ਅਖ਼ੀਰ ਵਿਚ ਪ੍ਰੈੱਸ ਕਲੱਬ ਅਨੰਦਪੁਰ ਸਾਹਿਬ ਦੇ ਪ੍ਰਧਾਨ ਬੀ.ਐਸ. ਚਾਨਾ ਨੇ ਸਾਰਿਆਂ ਦਾ ਆਉਣ ‘ਤੇ ਹਾਰਦਿਕ ਧੰਨਵਾਦ ਕੀਤਾ। ਇਸ ਮੌਕੇ ਪ੍ਰੈੱਸ ਕਲੱਬ ਦੇ ਅਹੁਦੇਦਾਰਾਂ ਵਿਚ ਨਰਿੰਦਰ ਸ਼ਰਮਾ, ਜੇ.ਐਸ. ਨਿੱਕੂਵਾਲ, ਦਲਜੀਤ ਸਿੰਘ ਅਰੋੜਾ, ਸੁਰਿੰਦਰ ਸਿੰਘ ਸੋਨੀ, ਦਵਿੰਦਰਪਾਲ ਸਿੰਘ, ਮਧੂ ਸੂਦਨ, ਬਲਵਿੰਦਰ ਸਿੰਘ ਲੋਧੀਪੁਰ, ਰਾਜਪਾਲ ਸਿੰਘ ਆਂਗਰਾ, ਗੋਪਾਲ ਸ਼ਰਮਾ ਅਤੇ ਹੋਰ ਪੱਤਰਕਾਰ ਵੀ ਹਾਜ਼ਰ ਸਨ। 

ਕੁਝ ਪੱਤਰਕਾਰਾਂ ਦੇ ਵਿਰੋਧ ਦੇ ਬਾਵਜੂਦ ਯਾਦਗਾਰੀ ਹੋ ਨਿਬੜਿਆ ਸਮਾਗਮ

ਪ੍ਰੈੱਸ ਕਲੱਬ ਅਨੰਦਪੁਰ ਸਾਹਿਬ ਵਲੋਂ ਚਾਰ ਸਾਲ ਦੀ ਮਿਹਨਤ ਤੋਂ ਬਾਅਦ ਤਿਆਰ ਕੀਤੇ ਗਏ ਪ੍ਰੈੱਸ ਭਵਨ ਦੇ ਉਦਘਾਟਨ ਨੂੰ ਰੋਕਣ ਲਈ ਸ਼ਹਿਰ ਦੇ ਕੁਝ ਪੱਤਰਕਾਰਾਂ ਨੇ ਪੂਰਾ ਟਿੱਲ ਲਾਇਆ ਸੀ। ਕੁਝ ਕੁ ਪੱਤਰਕਾਰਾਂ ਨੇ ਪ੍ਰੈੱਸ ਭਵਨ ਦਾ ਉਦਘਾਟਨ ਰੋਕਣ ਲਈ ਵਿਧਾਨ ਸਭਾ ਸਪੀਕਰ ਅਤੇ ਹਲਕਾ ਵਿਧਾਇਕ ਰਾਣਾ ਕੰਵਰਪਾਲ ਸਿੰਘ ‘ਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਸੀ। ਪ੍ਰੈੱਸ ਕਲੱਬ ਅਨੰਦਪੁਰ ਸਾਹਿਬ ਤੋਂ ਵੱਖਰੇ ਇਹ ਪੱਤਰਕਾਰ ਪ੍ਰੈੱਸ ਭਵਨ ‘ਤੇ ਆਪਣਾ ਵੀ ਅਧਿਕਾਰ ਬਣਾਉਣਾ ਚਾਹੁੰਦੇ ਸਨ ਪਰ ਸਫਲ ਨਹੀਂ ਹੋ ਸਕੇ। ਵਿਰੁੱਧ ਖ਼ਬਰਾਂ ਲਿਖਣ ਅਤੇ ਕਈ ਤਰ੍ਹਾਂ ਦੇ ਪ੍ਰਾਪੇਗੰਢਾ ਕਰਨ ਦੇ ਬਾਵਜੂਦ ਪ੍ਰੈੱਸ ਭਵਨ ਦੇ ਉਦਘਾਟਨੀ ਸਮਾਗਮ ਦੇ ਯਾਦਗਾਰੀ ਹੋ ਨਿਬੜਣ ‘ਤੇ ਸ਼ਹਿਰ ਵਿਚ ਭਾਰੀ ਚਰਚਾ ਚੱਲ ਰਹੀ ਹੈ।

VIA PUNJAB