ਏਅਰਸੈਲ-ਮੈਕਸਿਸ ਮਾਮਲਾ: ਪੀ.ਚਿਦੰਬਰਮ ਅਤੇ ਕਾਰਤੀ ਨੂੰ ਅਦਾਲਤ ਤੋਂ ਮਿਲੀ ਰਾਹਤ

ਨਵੀਂ ਦਿੱਲੀ – ਏਅਰਸੈਲ-ਮੈਕਸਿਸ ਮਾਮਲੇ ਵਿੱਚ ਸਾਬਕਾ ਕੇਂਦਰੀ ਮੰਤਰੀ ਪੀ.ਚਿਦੰਬਰਮ ਅਤੇ ਉਨ੍ਹਾਂ ਦੇ ਪੁੱਤਰ ਕਾਰਤੀ ਚਿਦਾਂਬਰਮ ਨੂੰ ਵੱਡੀ ਰਾਹਤ ਮਿਲੀ ਹੈ| ਦਿੱਲੀ ਦੀ ਅਦਾਲਤ ਨੇ ਚਿਦਾਂਬਰਮ ਦੀ ਸੀ.ਬੀ.ਆਈ. ਅਤੇ ਈ.ਡੀ. ਵੱਲੋਂ ਗ੍ਰਿਫਤਾਰੀ ਤੇ ਅੰਤਰਿਮ ਰੋਕ ਵਧਾ ਦਿੱਤੀ ਗਈ ਹੈ| ਇਸ ਮਾਮਲੇ ਨੂੰ ਲੈ ਕੇ ਅਗਲੀ ਸੁਣਵਾਈ 1 ਨਵੰਬਰ ਨੂੰ ਹੋਵੇਗੀ| ਵਿਸ਼ੇਸ਼ ਸੀ.ਬੀ.ਆਈ. ਜੱਜ ਓ.ਪੀ.ਸੈਨੀ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ 1 ਨਵੰਬਰ ਦੀ ਤਰੀਕ ਤੈਅ ਕੀਤੀ ਜਦਕਿ ਸੀ.ਬੀ.ਆਈ. ਅਤੇ ਈ.ਡੀ. ਵੱਲੋਂ ਪੇਸ਼ ਹੋਏ ਵਕੀਲਾਂ ਨੇ ਇਸ ਮਾਮਲੇ ਵਿੱਚ ਮੁਲਤਵੀ ਦੀ ਮੰਗ ਕੀਤੀ| ਸੀ.ਬੀ.ਆਈ. ਦੇ ਵਕੀਲ ਸਾਲੀਸਿਟਰ ਜਨਰਲ ਤੁਸ਼ਾਰ ਮਹਿਤਾ ਅਤੇ ਈ.ਡੀ. ਦੇ ਵਕੀਲ ਨਿਤੇਸ਼ ਰਾਣਾ ਨੇ ਅਦਾਲਤ ਨੂੰ ਦੱਸਿਆ ਕਿ ਚਿਦਾਂਬਰਮ ਦੇ ਵਕੀਲ ਪੀ.ਕੇ.ਦੁਬੇ ਅਤੇ ਅਰਸ਼ਦੀਪ ਸਿੰਘ ਦਾਖ਼ਲ ਅਰਜ਼ੀਆਂ ਤੇ ਵਿਸਤ੍ਰਤ ਜਵਾਬ ਦਾਖਲ ਕਰਨ ਅਤੇ ਉਨ੍ਹਾਂ ਤੇ ਬਹਿਸ ਕਰਨ ਲਈ ਏਜੰਸੀਆਂ ਨੂੰ ਸਮੇਂ ਦੀ ਜ਼ਰੂਰਤ ਹੈ| ਬੀਤੀ 19 ਜੁਲਾਈ ਨੂੰ ਸੀ.ਬੀ.ਆਈ. ਵੱਲੋਂ ਦਾਖ਼ਲ ਦੋਸ਼ ਪੱਤਰ ਵਿੱਚ ਚਿਦੰਬਰਮ ਅਤੇ ਉਨ੍ਹਾਂ ਦੇ ਬੇਟੇ ਨੂੰ ਨਾਮਜ਼ਦ ਕੀਤਾ ਗਿਆ ਸੀ| ਏਜੰਸੀ ਨੇ ਵਿਸ਼ੇਸ਼ ਜੱਜ ਦੇ ਸਾਹਮਣੇ ਦੋਸ਼ ਪੱਤਰ ਦਾਖ਼ਲ ਕੀਤਾ, ਜਿਸ ਤੇ ਅਗਲੀ ਸੁਣਵਾਈ ਦੇ ਦਿਨ ਵਿਚਾਰ ਕੀਤਾ ਜਾਵੇਗਾ| ਸੀ.ਬੀ.ਆਈ. ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ 2006 ਵਿੱਚ ਵਿੱਤ ਮੰਤਰੀ ਦੇ ਅਹੁਦੇ ਤੇ ਰਹਿੰਦੇ ਹੋਏ ਚਿਦਾਂਬਰਮ ਨੇ ਕਿਸ ਤਰ੍ਹਾਂ ਇਕ ਵਿਦੇਸ਼ ਕੰਪਨੀ ਨੂੰ ਐਫ.ਆਈ.ਪੀ.ਬੀ. ਦੀ ਮਨਜ਼ੂਰੀ ਦੇ ਦਿੱਤੀ ਜਦਕਿ ਸਿਰਫ ਕੈਬਨਿਟ ਦੀ ਆਰਥਿਕ ਮਾਮਲਿਆਂ ਦੀ ਕਮੇਟੀ ਨੂੰ ਹੀ ਅਜਿਹਾ ਕਰਨ ਦਾ ਅਧਿਕਾਰ ਸੀ|

VIA PUNJAB