Skip to content
ਬਾਬਾ ਬਲਬੀਰ ਸਿੰਘ ਨੇ ਕਰਵਾਈ ਦਸਮੇਸ਼ ਤਰਨਾ ਦਲ ਤੇ ਸਤਿਕਾਰ ਕਮੇਟੀ ਵਿਚਾਲੇ ਸੁਲ੍ਹਾ-ਸਫ਼ਾਈ
ਵਾਇਆ ਪੰਜਾਬ ਬਿਊਰੋ
ਅੰਮ੍ਰਿਤਸਰ, 21 ਜੁਲਾਈ
ਪਿਛਲੇ ਦਿਨਾਂ ਤੋਂ ਇਕ-ਦੂਜੇ ਦੇ ਖੂਨ ਦੇ ਪਿਆਸੇ ਬਣੇ ਨਿਹੰਗ ਸਿੰਘ ਜਥੇਬੰਦੀ ਦਸਮੇਸ਼ ਤਰਨਾ ਦਲ ਅਤੇ ਸਤਿਕਾਰ ਕਮੇਟੀ ਵਿਚਾਲੇ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਸੁਲ੍ਹਾ-ਸਫਾਈ ਕਰਵਾ ਕੇ ਪੰਥ ਲਈ ਖਾਨਾਜੰਗੀ ਦੇ ਹਾਲਾਤਾਂ ਨੂੰ ਟਾਲ ਦਿੱਤਾ ਹੈ।
ਪਿਛਲੇ ਦਿਨੀਂ ਦਸ਼ਮੇਸ ਤਰਨਾ ਦਲ ਅਤੇ ਸਤਿਕਾਰ ਕਮੇਟੀ ਦੇ ਸਿੰਘਾਂ ਵਿਚ ਹੋਏ ਤਕਰਾਰ ਤੋਂ ਬਾਅਦ ਖੂਨ ਡੋਲਵੀਂ ਲੜਾਈ ਹੋਈ।ਦੋਵਾਂ ਜਥੇਬੰਦੀਆਂ ਵਿਚਾਲੇ ਇਸ ਖੂਨੀ ਟਕਰਾਅ ਵਾਲੇ ਹਾਲਾਤਾਂ ਨੇ ਸਿੱਖ ਪੰਥ ਲਈ ਭਰਾ-ਮਾਰੂ ਖਾਨਾਜੰਗੀ ਵਾਲੇ ਹਾਲਾਤ ਪੈਦਾ ਕਰ ਦਿੱਤੇ ਸਨ।ਸਿੱਖ ਕੌਮ ਦੀਆਂ ਨਾਮਵਰ ਦੋਵੇਂ ਜਥੇਬੰਦੀਆਂ ਦੇ ਆਗੂਆਂ ਨੇ ਅੱਜ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਅਗਵਾਈ ਵਿਚ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਮੀਟਿੰਗ ਕੀਤੀ। ਬਾਬਾ ਬਲਬੀਰ ਸਿੰਘ ਨੇ ਦੋਵਾਂ ਜਥੇਬੰਦੀਆਂ ਦੇ ਆਪਸੀ ਮਤਭੇਦ ਦੂਰ ਕਰਕੇ ਸਮਝੌਤਾ ਕਰਵਾ ਦਿੱਤਾ ਹੈ। ਇਸ ਮੀਟਿੰਗ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ. ਦਿਲਜੀਤ ਸਿੰਘ ਬੇਦੀ, ਬਾਬਾ ਅਵਤਾਰ ਸਿੰਘ ਸੰਪਰਾ ਬਾਬਾ ਬਿਧੀਚੰਦ ਤਰਨਾ ਦਲ ਸੁਰਸਿੰਘ ਵੱਲੋਂ ਬਾਬਾ ਨਾਹਰ ਸਿੰਘ ਸਾਧ ਤੇ ਬਾਬਾ ਸ਼ੇਰ ਸਿੰਘ, ਬਾਬਾ ਗੱਜਣ ਸਿੰਘ ਤਰਨਾ ਦਲ ਬਾਬਾ ਬਕਾਲਾ, ਬਾਬਾ ਨਿਹਾਲ ਸਿੰਘ ਤਰਨਾ ਦਲ ਹਰੀਆਂ ਵੇਲਾਂ ਵੱਲੋਂ ਬਾਬਾ ਨਰੰਗ ਸਿੰਘ ਤੇ ਬਾਬਾ ਮਾਨ ਸਿੰਘ ਮੜ੍ਹੀਆਂਵਾਲੇ, ਬਾਬਾ ਮੇਜਰ ਸਿੰਘ ਦਸ਼ਮੇਸ ਤਰਨਾ ਦਲ, ਸਤਿਕਾਰ ਕਮੇਟੀ ਵੱਲੋਂ ਭਾਈ ਅਮਰੀਕ ਸਿੰਘ ਅਜਨਾਲਾ, ਭਾਈ ਬਲਬੀਰ ਸਿੰਘ ਮੁਛਲ, ਸ. ਮਨਜੀਤ ਸਿੰਘ, ਸ. ਤਰਲੋਚਨ ਸਿੰਘ, ਸ. ਹਰਜੀਤ ਸਿੰਘ ਤੇ ਸ. ਨਿਸ਼ਾਨ ਸਿੰਘ ਸ਼ਾਮਲ ਹੋਏ। ਇਸ ਮੌਕੇ ਦੋਵਾਂ ਧਿਰਾਂ ਦੇ ਵੀਚਾਰ ਸੁਣ ਕੇ ਮਤਭੇਦ ਦੂਰ ਕੀਤੇ ਗਏ ਅਤੇ ਕੌਮ ਦੇ ਉਚੇਰੇ ਹਿਤਾਂ ਖਾਤਰ ਇਕਜੁਟ ਹੋ ਕੇ ਕੰਮ ਕਰਨ ਲਈ ਪ੍ਰੇਰਿਆ ਗਿਆ। ਜਥੇਦਾਰ ਬਾਬਾ ਬਲਬੀਰ ਸਿੰਘ ਅਤੇ ਬਾਕੀ ਜਥੇਬੰਦੀਆਂ ਦੇ ਮੁਖੀਆਂ ਨੇ ਦੋਵਾਂ ਧਿਰਾਂ ਨੂੰ ਕੌਮੀ ਹਿਤਾ ਖਾਤਰ ਮਿਲਵਰਤਨ ਨਾਲ ਚੱਲਣ ਦੀ ਪ੍ਰੇਰਨਾ ਕੀਤੀ ਅਤੇ ਪੰਥ ਦੀ ਚੜ੍ਹਦੀ ਕਲ੍ਹਾ ਲਈ ਸਮੁੱਚੇ ਤੌਰ ਤੇ ਅਰਦਾਸ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ. ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਦੋਵਾਂ ਧਿਰਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਦਿੱਤੀਆਂ ਦਰਖਾਸਤਾਂ ਵਾਪਸ ਲੈ ਲਈਆਂ ਹਨ ਅਤੇ ਉਥੇ ਹੀ ਮੌਜੂਦ ਪੁਲਿਸ ਪ੍ਰਸ਼ਾਸਨ ਕੋਲ ਵੀ ਦਰਜ ਦਰਖਾਸਤਾਂ ਵਾਪਸ ਕਰਨ ਦੀ ਅਪੀਲ ਕੀਤੀ ਹੈ।ਇਸ ਮੌਕੇ ਪੁਲਿਸ ਪ੍ਰਸ਼ਾਸਨ ਵੱਲੋਂ ਐਸ. ਐਸ. ਪੀ. ਬੀ ਐਸ ਵਾਲੀਆ, ਡੀ. ਐਸ. ਪੀ. ਸ. ਵਿਰਕ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਇਸ ਮੌਕੇ ਬਾਬਾ ਵੱਸਣ ਸਿੰਘ ਮੁਖ ਬੁਲਾਰੇ ਨਿਹੰਗ ਸਿੰਘ ਦਲ, ਬਾਬਾ ਗੁਰਪਿੰਦਰ ਸਿੰਘ ਸਤਲਾਨੀ ਸਾਹਿਬ, ਬਾਬਾ ਤਰਸੇਮ ਸਿੰਘ ਮਹਿਤਾ ਚੌਂਕ, ਬਾਬਾ ਲਾਲ ਸਿੰਘ ਮਾਲਵਾ ਤਰਨਾ ਦਲ, ਬਾਬਾ ਬਲਦੇਵ ਸਿੰਘ ਵੱਲਾ, ਬਾਬਾ ਸਤਨਾਮ ਸਿੰਘ ਖਾਪੜਖੇੜੀ, ਬਾਬਾ ਨਰੈਣ ਸਿੰਘ ਭੱਕਣਾ, ਬਾਬਾ ਏਕਮ ਸਿੰਘ ਘਣੀਏ ਕੇ ਬਾਂਗਰ, ਬਾਬਾ ਬਲਵਿੰਦਰ ਸਿੰਘ ਸਰਪੰਚ ਕੈਲਿਆਂਵਾਲੀ, ਬਾਬਾ ਪ੍ਰਗਟ ਸਿੰਘ, ਜਥੇਦਾਰ ਬਲਦੇਵ ਸਿੰਘ ਮੁਸਰਾਪੁਰ, ਬਾਬਾ ਭਗਤ ਸਿੰਘ, ਬਾਬਾ ਜੱਸਾ ਸਿੰਘ ਅਤੇ ਸਮੁਚੀਆਂ ਰੰਗਰੇਟਾ ਜਥੇਬੰਦੀਆਂ ਹਾਜ਼ਰ ਸਨ।