ਜਸਵੰਤ ਸਿੰਘ ਦਾ ਪੁੱਤਰ ਕਾਂਗਰਸ ਵਿੱਚ ਸ਼ਾਮਲ

ਨਵੀਂ ਦਿੱਲੀ – ਰਾਜਸਥਾਨ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਜਸਵੰਤ ਸਿੰਘ ਦੇ ਪੁੱਤਰ ਤੇ ਵਿਧਾਇਕ ਮਾਨਵੇਂਦਰ ਸਿੰਘ ਬੁੱਧਵਾਰ ਨੂੰ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ। ਸ੍ਰੀ ਮਾਨਵੇਂਦਰ ਸਿੰਘ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਤੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ, ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁਖੀ ਸਚਿਨ ਪਾਇਲਟ ਤੇ ਪਾਰਟੀ ਦੇ ਜਨਰਲ ਸਕੱਤਰ ਅਵਿਨਾਸ਼ ਪਾਂਡੇ ਨਾਲ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਉਨ੍ਹਾਂ ਦੇ ਨਿਵਾਸ ਸਥਾਨ ’ਤੇ ਮਿਲੇ। ਬਾਅਦ ਵਿਚ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਸਦਰ ਮੁਕਾਮ ’ਤੇ ਪ੍ਰੈਸ ਕਾਨਫਰੰਸ ਵਿੱਚ ਮਾਨਵੇਂਦਰ ਸਿੰਘ ਨੇ ਕਿਹਾ ‘‘ ਅੱਜ ਮੈਂ ਸ੍ਰੀ ਗਾਂਧੀ ਨੂੰ ਮਿਲਿਆ ਹਾਂ ਤੇ ਉਨ੍ਹਾਂ ਤੇ ਹੋਰਨਾਂ ਆਗੂਆਂ ਨੇ ਕਾਂਗਰਸ ਪਾਰਟੀ ਵਿਚ ਮੇਰਾ ਸਵਾਗਤ ਕੀਤਾ। ਮੈਨੂੰ ਪੂਰਾ ਭਰੋਸਾ ਹੈ ਕਿ ਮੇਰੇ ਹਮਾਇਤੀ, ਸਵੈਭਿਮਾਨ ਸੈਨਾ ਮੇਰੀ ਹਮਾਇਤੀ ਕਰਦੇ ਰਹਿਣਗੇ ਤੇ ਸਾਡੀ ਮਦਦ ਨਾਲ ਵਿਧਾਨ ਸਭਾ ਚੋਣਾਂ ਤੇ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ’ਤੇ ਇਤਿਹਾਸਕ ਅਸਰ ਪਵੇਗਾ।’’ ਮਾਨਵੇਂਦਰ ਸਿੰਘ ਨੇ 2013 ਵਿਚ ਭਾਜਪਾ ਦੀ ਟਿਕਟ ’ਤੇ ਸ਼ੇਓ ਵਿਧਾਨ ਸਭਾ ਸੀਟ ਜਿੱਤੀ ਸੀ ਤੇ ਇਸ ਤੋਂ ਪਹਿਲਾਂ 2004 ਵਿੱਚ ਉਹ ਲੋਕ ਸਭਾ ਦੇ ਮੈਂਬਰ ਵੀ ਚੁਣੇ ਗਏ ਸਨ। ਵਿਧਾਨ ਸਭਾ ਚੋਣਾਂ ਤੋਂ ਬਾਅਦ ਉਨ੍ਹਾਂ ਦੀ ਭਾਜਪਾ ਲੀਡਰਸ਼ਿਪ ਖਾਸ ਕਰ ਕੇ ਮੁੱਖ ਮੰਤਰੀ ਵਸੁੰਧਰਾ ਰਾਜੇ ਨਾਲ ਤਕਰਾਰ ਹੋ ਗਈ ਸੀ ਤੇ 2014 ਵਿਚ ਜਦੋਂ ਉਨ੍ਹਾਂ ਦੇ ਪਿਤਾ ਜਸਵੰਤ ਸਿੰਘ ਨੂੰ ਲੋਕ ਸਭਾ ਦੀ ਟਿਕਟ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਤਾਂ ਲੜਾਈ ਖੁੱਲ੍ਹ ਕੇ ਸਾਹਮਣੇ ਆ ਗਈ। ਸ੍ਰੀ ਪਾਇਲਟ ਨੇ ਮਾਨਵੇਂਦਰ ਸਿੰਘ ਦਾ ਸਵਾਗਤ ਕਰਦਿਆਂ ਕਿਹਾ ਭਾਜਪਾ ਤੇ ਵਸੁੰਧਰਾ ਰਾਜੇ ਸਰਕਾਰ ਖ਼ਿਲਾਫ਼ ਲੜਾਈ ਲਈ ਸਾਰੇ ਭਾਈਚਾਰਿਆਂ ਨੂੰ ਇਕਜੁੱਟ ਕੀਤਾ ਜਾਵੇਗਾ। ਜਨਤਾ ਭਾਜਪਾ ਸਰਕਾਰ ਤੋਂ ਬਹੁਤ ਦੁਖੀ ਹੈ ਤੇ ਅਸੀਂ ਜਿੱਤਾਂਗੇ ਤੇ ਲੋਕਾਂ ਦੀ ਸਰਕਾਰ ਬਣਾਵਾਂਗੇ।’’

VIA PUNJAB