Skip to content
–ਤਲਵਿੰਦਰ ਸਿੰਘ ਬੁੱਟਰ
‘ਧਰਮ ਯੁੱਧ ਮੋਰਚੇ’ ਵੇਲੇ ਵੀ ਸਿੱਖ ਜਥੇਬੰਦੀਆਂ ਵਿਚ ਤਿੱਖੇ ਮਤਭੇਦ ਚੱਲਦੇ ਰਹੇ ਹਨ, ਪਰ ਇਸ ਦੇ ਬਾਵਜੂਦ ਕੌਮ ਦੇ ਰੌਸ਼ਨ-ਦਿਮਾਗ਼ ਅਤੇ ਦੂਰਅੰਦੇਸ਼ ਆਗੂ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨੇ ਪੰਥਕ ਜਥੇਬੰਦੀਆਂ ਦੇ ਅੰਦਰੂਨੀ ਮਤਭੇਦਾਂ ਜਾਂ ਵਿਰੋਧ ਨੂੰ ਸਹਿਣਸ਼ੀਲਤਾ, ਦੂਰਅੰਦੇਸ਼ੀ ਅਤੇ ਸਿਆਣਪ ਦੇ ਨਾਲ ਬੇਅਸਰ ਕਰਕੇ ਪੰਥ ਦੇ ਵੱਡੇ ਨਿਸ਼ਾਨਿਆਂ ਤੋਂ ਸੰਘਰਸ਼ ਨੂੰ ਡੋਲਣ ਨਹੀਂ ਦਿੱਤਾ। ਸਮੇਂ ਦੀ ਅਕਾਲੀ ਲੀਡਰਸ਼ਿਪ ਅਕਸਰ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਵਿਰੋਧਤਾ ਕਰਦੀ ਰਹਿੰਦੀ ਸੀ ਪਰ ਸੰਤਾਂ ਨੇ ਹਮੇਸ਼ਾ ਇਸ ਨੂੰ ਨਜ਼ਰਅੰਦਾਜ਼ ਕਰਕੇ ਆਪਣੇ ਸੰਘਰਸ਼ ਨੂੰ ਲਗਾਤਾਰ ਅੱਗੇ ਵਧਾਉਣ ਵੱਲ ਹੀ ਕੌਮੀ ਸ਼ਕਤੀ ਕੇਂਦਰਿਤ ਰੱਖੀ। ਤਤਕਾਲੀ ਅਕਾਲੀ ਆਗੂ ਸੁੱਚਾ ਸਿੰਘ ਛੋਟੇਪੁਰ ਨੇ ਜਦੋਂ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਤੁਲਨਾ ‘ਚੰਬਲ ਦੀ ਘਾਟੀ ਦੇ ਡਾਕੂ’ ਤੱਕ ਨਾਲ ਕਰ ਦਿੱਤੀ ਤਾਂ ਫ਼ਿਰ ਵੀ ਸੰਤਾਂ ਨੇ ਆਪਣੇ ਨਿਸ਼ਾਨੇ ਤੋਂ ਧਿਆਨ ਲਾਂਭੇ ਨਾ ਕੀਤਾ ਅਤੇ ਬੜੇ ਸਹਿਜ ਤੇ ਸਹਿਣਸ਼ੀਲ ਤੇ ਉੱਚੀ ਉਦਾਰ ਅਵਸਥਾ ਵਿਚ ਰਹੇ, ਜਿਸ ਦਾ ਪ੍ਰਗਟਾਵਾ ਉਨ੍ਹਾਂ ਦੀਆਂ ਅਕਸਰ ਸਟੇਜਾਂ ‘ਤੇ ਤਕਰੀਰਾਂ ਵਿਚੋਂ ਹੁੰਦਾ ਸੀ, ਜਿਸ ਵਿਚ ਉਹ ਇਹੀ ਕਹਿੰਦੇ ਸੁਣੇ ਜਾਂਦੇ ਸਨ, ”ਸਤਿਗੁਰੂ ਰਾਮਦਾਸ ਜੀ ਸੱਚੇ ਪਾਤਿਸ਼ਾਹ ਦੇ ਚਰਨਾਂ ‘ਚ ਅਰਦਾਸ ਕਰਦਾ ਹਾਂ ਕਿ ਮਹਾਰਾਜ ਕ੍ਰਿਪਾ ਕਰੋ, ਉਹ ਸਾਡਾ ਭਰਾ ਆ ਤੇ ਉਹਨੂੰ ਸੁਮੱਤ ਬਖ਼ਸ਼ ਦਿਓ। ਜਿਸ ਕਰਕੇ ਉਹ ਵੀ ਸਿੱਖੀ ਦੇ ਰਸਤੇ ‘ਤੇ ਚੱਲ ਕੇ ਆਪਣਾ ਮਨੁੱਖਾ ਜਨਮ ਸਫ਼ਲ ਕਰ ਸਕੇ ਤੇ ਚੌਰਾਸੀ ਦੇ ਗੇੜ ਵਿਚੋਂ ਬਚ ਜਾਵੇ। ਮੇਰੀ ਤੇ ਇਹ ਅਰਦਾਸ ਆ ਉਹਦੇ ਬਾਰੇ…।” (‘ਸਿੰਘ ਗਰਜ’ ਪੰਨਾ : 445) ਸੰਤਾਂ ਦੀ ਉਪਰੋਕਤ ਤਕਰੀਰ ਵਿਚੋਂ ਇਹ ਪਤਾ ਲੱਗਦਾ ਹੈ ਕਿ ਇਕ ਯੋਗ ਪੰਥਕ ਆਗੂ ਕਿੰਨਾ ਵਿਸ਼ਾਲ ਹਿਰਦੇ ਵਾਲਾ, ਉੱਚੀ ਸੋਚ, ਪੰਥਕ ਭਾਵਨਾ ਵਾਲਾ ਅਤੇ ਕੌਮੀ ਨਿਸ਼ਾਨੇ ਵੱਲ ਇਕਾਗਰਚਿੱਤ ਹੁੰਦਾ ਹੈ।
ਇੱਥੋਂ ਤੱਕ ਕਿ ਸੰਤਾਂ ਦੀ ਸੱਜੀ ਬਾਂਹ ਸਮਝੇ ਜਾਂਦੇ ਭਾਈ ਸੁਰਿੰਦਰ ਸਿੰਘ ਸੋਢੀ ਦੇ ਕਤਲ ਤੋਂ ਬਾਅਦ ਵੀ ਉਨ੍ਹਾਂ ਨੇ ਵਿਰੋਧੀਆਂ ‘ਤੇ ਪ੍ਰਤੀਕਰਮ ਵਿਚ ਸਰੀਰਕ ਹਮਲਿਆਂ ਤੋਂ ਪੂਰੀ ਤਰ੍ਹਾਂ ਗੁਰੇਜ਼ ਹੀ ਕੀਤਾ।
‘ਧਰਮ ਯੁੱਧ ਮੋਰਚੇ’ ਦੌਰਾਨ ਗੁਰੂ ਨਾਨਕ ਨਿਵਾਸ ਵਿਚ ਰਹਿੰਦਿਆਂ ਬੱਬਰਾਂ ਨਾਲ ਜਦੋਂ ਕਿਸੇ ਮਸਲੇ ‘ਤੇ ਇਕ ਵਾਰ ਟਕਸਾਲ ਦੇ ਸਿੰਘਾਂ ਦੇ ਮਤਭੇਦ ਹੋਏ ਤਾਂ ਸੰਤਾਂ ਨੇ ਟਕਰਾਅ ਵਿਚ ਪੈਣ ਦੀ ਥਾਂ ਗੁਰੂ ਨਾਨਕ ਨਿਵਾਸ ਹੀ ਛੱਡ ਦਿੱਤਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਰਹਿਣ ਲੱਗ ਪਏ।
ਮਰਯਾਦਕ ਮਾਮਲਿਆਂ ਬਾਰੇ ਵੀ ਸੰਤ ਭਿੰਡਰਾਂਵਾਲਿਆਂ ਦੀ ਸੋਚ ਸਾਡੇ ਲਈ ਚਾਨਣ-ਮੁਨਾਰਾ ਹੈ। ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦਾ ਪੰਥਕ ਆਗੂ ਵਜੋਂ ਸਫ਼ਰ ਇਕ ਸਿਰਮੌਰ ਪੰਥਕ ਜਥੇਬੰਦੀ ‘ਦਮਦਮੀ ਟਕਸਾਲ’ ਦੇ ਮੁਖੀ ਵਜੋਂ ਆਰੰਭ ਹੁੰਦਾ ਹੈ, ਪਰ ਜਦੋਂ ਉਹ ‘ਧਰਮ ਯੁੱਧ ਮੋਰਚੇ’ ਦੀ ਅਗਵਾਈ ਸੰਭਾਲਦੇ ਹਨ, ਉਸ ਵੇਲੇ ਉਹ ਸਿਰਫ਼ ਦਮਦਮੀ ਟਕਸਾਲ ਦੇ ਮੁਖੀ ਹੀ ਨਹੀਂ, ਸਗੋਂ ਸਮੁੱਚੀ ਕੌਮ ਦੀ ਅਗਵਾਈ ਕਰਨ ਵਾਲੇ ਸਿਰਮੌਰ ਆਗੂ ਬਣ ਨਿਬੜਦੇ ਹਨ। ‘ਦਮਦਮੀ ਟਕਸਾਲ’ ਦੇ ਮੁਖੀ ਹੋਣ ਨਾਤੇ ਜਥੇਬੰਦਕ ਤੌਰ ‘ਤੇ ਜਿਨ੍ਹਾਂ ਮਰਯਾਦਕ ਮੁੱਦਿਆਂ ‘ਤੇ ਉਹ ਕਿਸੇ ਵੇਲੇ ਬਹੁਤ ਸਖ਼ਤ ਸਟੈਂਡ ਲੈਂਦੇ ਸਨ, ‘ਧਰਮ ਯੁੱਧ ਮੋਰਚੇ’ ਦੀ ਅਗਵਾਈ ਸੰਭਾਲਣ ਤੋਂ ਬਾਅਦ ਉਨ੍ਹਾਂ ਮੁੱਦਿਆਂ ‘ਤੇ ਉਹ ਸਮੁੱਚੀ ਕੌਮ ਦੇ ਆਗੂ ਵਜੋਂ ਹੀ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਅੱਗੇ ਆਏ। ਮਿਸਾਲ ਵਜੋਂ ‘ਦਮਦਮੀ ਟਕਸਾਲ’ ਰਾਗਮਾਲਾ ਨੂੰ ਗੁਰੂ ਕ੍ਰਿਤ ਮੰਨਦੀ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਭੋਗ ਰਾਗਮਾਲਾ ਪੜ੍ਹ ਕੇ ਪਾਉਂਦੀ ਹੈ ਪਰ ‘ਧਰਮ ਯੁੱਧ ਮੋਰਚੇ’ ਵੇਲੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦਾ ਭੋਗ ‘ਮੁੰਦਾਵਣੀ’ ‘ਤੇ ਹੀ ਪਾ ਦਿੱਤਾ ਜਾਂਦਾ ਸੀ, ਰਾਗਮਾਲਾ ਨਹੀਂ ਪੜ੍ਹੀ ਜਾਂਦੀ ਸੀ। ਇਕ ਵਾਰ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਭਤੀਜੇ ਭਾਈ ਸਵਰਨ ਸਿੰਘ ਰੋਡੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਅਖੰਡ ਪਾਠ ਸਾਹਿਬ ਦੇ ਭੋਗ ਵੇਲੇ ਰਾਗਮਾਲਾ ਪੜ੍ਹ ਦਿੱਤੀ ਤਾਂ ਜਦੋਂ ਇਸ ਦੀ ਖ਼ਬਰ ਸੰਤਾਂ ਨੂੰ ਮਿਲੀ ਤਾਂ ਉਨ੍ਹਾਂ ਭਾਈ ਸਵਰਨ ਸਿੰਘ ਰੋਡੇ ਨੂੰ ਕੋਲ ਬੁਲਾ ਕੇ ਨਾ ਸਿਰਫ਼ ਸਖ਼ਤ ਨਾਰਾਜ਼ਗੀ ਜ਼ਾਹਰ ਕੀਤੀ ਸਗੋਂ ਇਸ ਲਈ ਸਰੀਰਕ ਡੰਨ ਵੀ ਲਾਇਆ ਕਿ, ਪੰਥਕ ਮਾਮਲਿਆਂ ਦਾ ‘ਤੇ ਕੋਈ ਫ਼ੈਸਲਾ ਕਰਨ ਦਾ ਅਧਿਕਾਰ ਕਿਸੇ ਇਕੱਲੇ ਵਿਅਕਤੀ ਨੂੰ ਨਹੀਂ ਸਗੋਂ, ਸਮੁੱਚਾ ਪੰਥ ਹੀ ਮਿਲ ਬੈਠ ਕੇ ਕੋਈ ਹੱਲ ਕਰ ਸਕਦਾ ਹੈ ਅਤੇ ਇਹ ਵੇਲਾ ਪੰਥਕ ਵਿਵਾਦਾਂ ਨੂੰ ਛੇੜਣ ਦਾ ਨਹੀਂ ਹੈ। ਇਸ ਗੱਲ ਦੇ ਦਮਦਮੀ ਟਕਸਾਲ ਦੇ ਕਈ ਪੁਰਾਣੇ ਵਿਦਿਆਰਥੀ ਵੀ ਗਵਾਹ ਹਨ।
ਜੇਕਰ ਸਾਡੀ ਕੌਮ ਅੱਜ ਇਕ ਯੋਗ ਆਗੂ ਦੀ ਘਾਟ ਮਹਸੂਸ ਕਰ ਰਹੀ ਹੈ ਤਾਂ ਸਾਡੇ ਕੋਲ ਅੱਜ ਵੀ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦਾ ਮਹਾਨ ਜੀਵਨ ਅਤੇ ਪੰਥਕ ਘਾਲਣਾਵਾਂ ਦੀ ਪਵਿੱਤਰ ਵਿਰਾਸਤ ਤਾਂ ਹੈ, ਜਿਸ ਤੋਂ ਅਗਵਾਈ ਲੈਂਦਿਆਂ, ਬੇਨਿਸ਼ਾਨਾ ਹੋ ਕੇ ਆਪਸ ਵਿਚ ਵਿਚਾਰਧਾਰਕ ਮਤਭੇਦਾਂ ਅਤੇ ਪੰਥਕ ਵਾਦ-ਵਿਵਾਦਾਂ ਵਿਚ ਬੁਰੀ ਤਰ੍ਹਾਂ ਉਲਝ ਕੇ ਭਰਾ-ਮਾਰੂ ਜੰਗ ਦਾ ਸ਼ਿਕਾਰ ਹੋ ਰਹੀ ਸਿੱਖ ਕੌਮ ਆਪਣੇ ਉਚੇਰੇ ਕੌਮੀ ਨਿਸ਼ਾਨੇ ਮਿੱਥ ਕੇ ਪੰਥਕ ਏਕਤਾ ਦਾ ਮੰਚ ਤਿਆਰ ਕਰ ਸਕਦੀ ਹੈ।
ਫੋਨ: 98780-70008.