ਸੁਖਬੀਰ ਕੌਮ ਦਾ ਗੱਦਾਰ ਲਾਹਣਤਾਂ ਪਾਉਂਦੈ ਅਕਾਲੀ ਦਲ : ਨਵਜੋਤ ਸਿੱਧੂ

ਹਿੰਮਤ ਹੈ ਸੁਖਬੀਰ ਬਰਗਾੜੀ ’ਚ ਲਾਵੇ ਧਰਨਾ, ਮੈਂ ਨਾਲ ਚਲਾਂਗਾ

ਚੰਡੀਗੜ੍ – ਪੰਜਾਬ ਸਰਕਾਰ ’ਚ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਕੈਬਨਿਟ ਮੰਤਰੀ ਅਤੇ ਚਰਚਿਤ ਸਿਆਸੀ ਨੇਤਾ ਸ. ਨਵਜੋਤ ਸਿੰਘ ਸਿਧੂ ਨੇ ਸਾਬਕਾ ਉਪ ਮੁਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਪਰ ਵੱਡਾ ਹਮਲਾ ਬੋਲਦੇ ਹੋਏ ਆਖਿਆ ਹੈ ਕਿ ਸੁਖਬੀਰ ਕੌਮ ਦਾ ਗਦਾਰ ਹੈ ਅਤੇ ਸਾਰੇ ਟਕਸਾਲੀ ਆਗੂਆਂ ਸਮੇਤ ਅਕਾਲੀ ਦਲ ਸੁਖਬੀਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ‘ਤੇ ਲਾਹਣਨਾਂ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਸਿਰਫ ਜੀਜੇ-ਸਾਲੇ ਦੀ ਪਾਰਟੀ ਬਣ ਕੇ ਰਹਿ ਗਈ ਹੈ। ਉਨ੍ਹਾਂ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਸਵਾਲ ਕਰਦਿਆਂ ਕਿਹਾ ਕਿ ਹੁਣ ਆਪਣੇ ਪੁਤਰ ਦੀ ਵਾਰੀ ਲੋਕਾਂ ‘ਚ ਵਿਚਰ ਕੇ ਜਵਾਬ ਕਿਉਂ ਨਹੀਂ ਦੇ ਰਹੇ। ਉਨ੍ਹਾਂ ਕਿਹਾ ਕਿ ਜੀਜੇ-ਸਾਲੇ ਕਰਕੇ ਹਰ ਪਾਸੇ ਅਕਾਲੀ ਦਲ ਦੀ ਬਗਾਵਤ ਸ਼ੁਰੂ ਹੋ ਗਈ ਹੈ।ਸ. ਸਿਧੂ ਨੇ ਕਿਹਾ ਕਿ ਜਦੋਂ ਬਰਗਾੜੀ ਕਾਂਡ ਅਤੇ ਹੋਰ ਮਾਮਲਿਆਂ ‘ਤੇ ਲੋਕਾਂ ਵਲੋਂ ਧਰਨਾ ਲਾਇਆ ਜਾਂਦਾ ਸੀ ਤਾਂ ਸੁਖਬੀਰ ਕਹਿੰਦਾ ਸੀ ਕਿ ਲੋਕਾਂ ਨੂੰ ਹੋਰ ਕੋਈ ਕੰਮ ਨਹੀਂ ਹੈ ਤੇ ਹੁਣ ਸੁਖਬੀਰ ਦਸੇ ਕਿ ਖੁਦ ਮੁਖ ਮੰਤਰੀ ਦੀ ਰਿਹਾਇਸ਼ ਅਗੇ ਜਿਹੜਾ ਧਰਨਾ ਦਿਤਾ ਹੈ, ਉਸ ਨੂੰ ਕੋਈ ਹੋਰ ਕੰਮ ਨਹੀਂ ਹੈ। ਉਨ੍ਹਾਂ ਕਿਹਾ ਕਿ ਡੇਰਾ ਮੁਖੀ ਨੂੰ ਮੁਆਫੀ ਵੀ ਸੁਖਬੀਰ ਬਾਦਲ ਨੇ ਹੀ ਦਿਤੀ ਹੈ। ਸ. ਸਿਧੂ ਨੇ ਕਿਹਾ ਕਿ ਅਕਾਲੀ ਦਲ ਦੇ ਸਮੇਂ ਡੰਡਾਤੰਤਰ ਦੇ ਨਾਲ-ਨਾਲ ਗੁੰਡਾਤੰਤਰ ਸੀ।ਉਨ੍ਹਾਂ ਕਿਹਾ ਕਿ ਟਕਸਾਲੀ ਆਗੂ ਸ. ਰਣਜੀਤ ਸਿੰਘ ਬ੍ਰਹਮਪੁਰਾ ਦੇ ਸਵਾਲਾਂ ‘ਤੇ ਸੁਖਬੀਰ ਚੁਪ ਕਿਉਂ ਹੈ ਅਤੇ ਜੇਕਰ ਉਹ ਸਚਾ ਹੈ ਤਾਂ ਫਿਰ ਜਵਾਬ ਕਿਉਂ ਨਹੀਂ ਦਿੰਦਾ। ਸ. ਸਿਧੂ ਨੇ ਸੁਖਬੀਰ ਬਾਦਲ ਨੂੰ ਵੰਗਾਰਿਆ ਕਿ ਉਹ ਬੇਅਦਬੀ ਮਾਮਲਿਆਂ ‘ਤੇ ਬਰਗਾੜੀ ਧਰਨਾ ਲਾਵੇ, ਮੈਂ ਉਸ ਦੇ ਨਾਲ ਜਾਵਾਂਗਾ। ਉਨ੍ਹਾਂ ਸਵਾਲ ਕੀਤਾ ਕਿ ਸੁਖਬੀਰ ਬਾਦਲ ਅਸਲੀ ਮੁਦੇ ‘ਤੇ ਧਰਨਾ ਕਿਉਂ ਨਹੀਂ ਲਾਉਂਦਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਕੇਂਦਰ ਵਿਚ ਸਰਕਾਰ ਹੈ ਫਿਰ ਧਰਨਾ ਕਿਸ ਖਿਲਾਫ ਲਾਇਆ ਜਾ ਰਿਹਾ ਹੈ।ਦਰਅਸਲ ਸੰਕਟ ਵਿਚ ਘਿਰਿਆ ਅਕਾਲੀ ਦਲ ਧਰਨਿਆਂ ਦੀ ਰਾਹ ਤੁਰਿਆ ਹੈ। ਅਕਾਲੀ ਦਲ ਵਲੋਂ ਪੰਥਕ ਮੁਦਿਆਂ ‘ਤੇ ਧਰਨੇ ਦਿਤੇ ਜਾ ਰਹੇ ਹਨ। ਵਿਰੋਧੀ ਅਕਾਲੀ ਦਲ ਨੂੰ ਘੇਰ ਰਹੇ ਹਨ ਕਿ ਉਨ੍ਹਾਂ ਨੂੰ ਹੁਣ ਧਰਨੇ ਕਿਉਂ ਯਾਦ ਆਏ ਹਨ।ਉਨ੍ਹਾਂ ਕਿਹਾ ਕਿ ਸ. ਰਣਜੀਤ ਸਿੰਘ ਬ੍ਰਹਮਪੁਰਾ ਦੇ ਸਾਹਮਣੇ ਸੁਖਬੀਰ ਬੌਣਾ ਹੈ। ਸੁਖਬੀਰ ਪਤਲੀ ਗਲੀ ਵਿਚੋਂ ਨਿਕਲਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਟਕਸਾਲੀ ਲੀਡਰ ਨੂੰ ਅਕਾਲੀ ਦਲ ਨਾਲ ਰੋਸ ਨਹੀਂ ਸਗੋਂ ਮੁਸ਼ਕਲ ਜੀਜਾ-ਸਾਲਾ ਨਾਲ ਹੈ।

VIA PUNJAB