ਯੂ.ਪੀ. ਵਿੱਚ ਟਲਿਆ ਟ੍ਰੇਨ ਹਾਦਸਾ, 6 ਡੱਬੇ ਪਟੜੀ ਤੋਂ ਉਤਰੇ

ਮੁਰਾਦਾਬਾਦ – ਉੱਤਰ ਪ੍ਰਦੇਸ਼ ਦੇ ਰਾਮਪੁਰਾ ਜ਼ਿਲ੍ਹੇ ਵਿੱਚ ਮੁਰਾਦਾਬਾਦ-ਬਰੇਲੀ ਰੇਲਵੇ ਸਟੇਸ਼ਨ ਕੋਲ ਪੈਸੇਂਜਰ ਟ੍ਰੇਨ ਦੇ 6 ਡੱਬੇ ਪਟੜੀ ਤੋਂ ਹੇਠਾਂ ਉਤਰ ਗਏ| ਦੱਸਿਆ ਜਾ ਰਿਹਾ ਹੈ ਕਿ ਟ੍ਰੇਨ ਮੁਰੰਮਤ ਲਈ ਬਰੇਲੀ ਜਾ ਰਹੀ ਸੀ| ਉਸ ਵਿੱਚ ਕੋਈ ਵੀ ਯਾਤਰੀ ਨਹੀਂ ਸੀ| ਹਾਦਸੇ ਵਿੱਚ ਗਾਰਡ ਨੂੰ ਗੰਭੀਰ ਸੱਟਾਂ ਲੱਗੀਆਂ ਹਨ| ਹਾਦਸੇ ਤੋਂ ਬਾਅਦ ਮੁਰਾਦਾਬਾਦ-ਬਰੇਲੀ ਰੇਲ ਮਾਰਗ ਨੂੰ ਬੰਦ ਕਰ ਦਿੱਤਾ ਗਿਆ| ਹਾਦਸਾ ਬੁੱਧਵਾਰ ਰਾਤ 10.30 ਵਜੇ ਦੇ ਕਰੀਬ ਵਾਪਰਿਆ| 12 ਡੱਬਿਆਂ ਦੀ ਪੈਸੇਂਜਰ ਟ੍ਰੇਨ ਮੁਰੰਮਤ ਲਈ ਨਿਜਾਮਉਦੀਨ ਸਟੇਸ਼ਨ ਤੋਂ ਬਰੇਲੀ ਜਾ ਰਹੀ ਸੀ| ਟ੍ਰੇਨ ਵਿੱਚ ਕੋਈ ਵੀ ਯਾਤਰੀ ਨਹੀਂ ਸੀ| ਸਿਰਫ ਦੋ ਡਰਾਈਵਰ ਅਤੇ ਗਾਰਡ ਡਿਊਟੀ ਤੇ ਸਨ| ਟ੍ਰੇਨ ਰਾਮਪੁਰ ਤੋਂ ਅੱਗੇ ਵਧੀ ਤਾਂ ਧਮੌਰਾ-ਦੁਗਨਪੁਰ ਸਟੇਸ਼ਨ ਵਿੱਚਾਲੇ ਇੰਜਣ ਦੇ ਪਿੱਛੇ ਦੇ 6 ਡੱਬੇ ਪਟੜੀ ਤੋਂ ਉਤਰ ਗਏ| ਹਾਦਸੇ ਦੀ ਜਾਣਕਾਰੀ ਕੰਟਰੋਲ ਰੂਮ ਨੂੰ ਮਿਲਦੇ ਹੀ ਮੁਰਾਦਾਬਾਦ- ਬਰੇਲੀ ਰੂਟ ਨੂੰ ਬੰਦ ਕਰ ਦਿੱਤਾ ਗਿਆ| ਗਾਰਡ ਨੂੰ ਮੌਕੇ ਤੇ ਡਾਕਟਰ ਨੇ ਇਲਾਜ ਦਿੱਤਾ| ਉਨ੍ਹਾਂ ਨੂੰ ਅੰਦਰੂਨੀ ਸੱਟਾਂ ਲੱਗੀਆਂ ਹਨ| ਰਾਮਪੁਰ ਦੇ ਐਸ. ਪੀ. ਸ਼ਿਵਹਰੀ ਮੀਣਾ ਮੌਕੇ ਤੇ ਪਹੁੰਚੇ| ਹਾਦਸੇ ਕਾਰਨ 200 ਮੀਟਰ ਪਟੜੀ ਉਖੜ ਗਈ ਹੈ| ਨਾਲ ਹੀ ਬਿਜਲੀ ਲਾਈਨ ਦੇ ਤਾਰ ਟੁੱਟ ਗਏ ਹਨ| ਗਾਰਡ ਸਤੀਸ਼ ਨੇ ਦੱਸਿਆ ਕਿ ਇਕ ਝਟਕਾ ਲੱਗਾ ਸੀ, ਉਸ ਤੋਂ ਬਾਅਦ ਟਰੇਨ ਪਟੜੀ ਤੋਂ ਹੇਠਾਂ ਉਤਰ ਗਈ| ਹਾਦਸੇ ਕਾਰਨ ਕਰੀਬ ਡੇਢ ਘੰਟੇ ਬਾਅਦ ਰਾਤ ਸਾਢੇ 12 ਵਜੇ ਤੋਂ ਬਾਅਦ ਟਰੇਨਾਂ ਨੂੰ ਮੁਰਾਦਾਬਾਦ-ਚੰਦੌਸੀ-ਬਰੇਲੀ ਹੁੰਦੇ ਹੋਏ ਕੱਢਿਆ ਗਿਆ| ਡਿਵੀਜ਼ਨਲ ਰੇਲ ਪ੍ਰਬੰਧਕ ਅਜੈ ਕੁਮਾਰ ਸਿੰਘਲ ਨੇ ਦੱਸਿਆ ਕਿ ਅਜੇ ਘਟਨਾ ਦਾ ਕਾਰਨ ਪਤਾ ਨਹੀਂ ਲੱਗ ਸਕਿਆ ਹੈ| ਹਾਦਸੇ ਮਗਰੋਂ ਰਾਤ ਕਰੀਬ 1.30 ਵਜੇ ਤੋਂ ਲਖਨਊ ਤੋਂ ਮੁਰਾਦਾਬਾਦ ਵੱਲ ਜਾਣ ਵਾਲੀਆਂ ਟਰੇਨਾਂ ਨੂੰ ਹੌਲੀ ਰਫਤਾਰ ਨਾਲ ਚਲਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ|

VIA PUNJAB