ਰਾਫੇਲ ਸੌਦੇ ਨੂੰ ਲੈ ਕੇ ਰਾਹੁਲ ਨੇ ਫਿਰ ਵਿੰਨ੍ਹਿਆ ਮੋਦੀ ‘ਤੇ ਨਿਸ਼ਾਨਾ

ਨਵੀਂ ਦਿੱਲੀ – ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਫੇਲ ਲੜਾਕੂ ਜਹਾਜ਼ ਸੌਦੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਅੱਜ ਫਿਰ ਨਿਸ਼ਾਨਾ ਵਿੰਨ੍ਹਿਆ ਅਤੇ ਦੋਸ਼ ਲਾਇਆ ਹੈ ਕਿ ਇਸ ਸੌਦੇ ਰਾਹੀਂ ਦੇਸ਼ ਦੇ ਇਕ ਨਾਮੀ ਉਦਯੋਗਪਤੀ ਨੂੰ ਚਾਰ ਅਰਬ ਡਾਲਰ ਦਾ ਇਨਾਮ ਦਿੱਤਾ ਗਿਆ ਹੈ। ਰਾਹੁਲ ਗਾਂਧੀ ਨੇ ਇਕ ਖਬਰ ਸ਼ੇਅਰ ਕਰਦੇ ਹੋਏ ਟਵੀਟ ਕੀਤਾ ਕਿ ਸ਼੍ਰੀਮਾਨ 56 (ਮੋਦੀ) ਨੂੰ ਜੋ ਪਸੰਦ ਆਉਂਦਾ ਹੈ, ਉਸ ਦੇ ਸੂਟ ਪਾਇਆ ਹੋਣਾ ਚਾਹੀਦਾ, 45 ਹਜ਼ਾਰ ਕਰੋੜ ਰੁਪਏ ਦੇ ਕਰਜ਼ ‘ਚ ਡੁੱਬੇ ਹੋਣਾ ਚਾਹੀਦਾ। ਉਸ ਕੋਲ 10 ਦਿਨ ਪੁਰਾਣੀ ਕੰਪਨੀ ਹੋਣੀ ਚਾਹੀਦੀ ਅਤੇ ਉਸ ਨੇ ਆਪਣੀ ਜ਼ਿੰਦਗੀ ‘ਚ ਕਦੀ ਜਹਾਜ਼ ਨਹੀਂ ਬਣਾਇਆ ਹੋਵੇ। ਉਨ੍ਹਾਂ ਨੇ ਕਿਹਾ ਕਿ ਜੇਕਰ ਤੁਸੀਂ ਇਨ੍ਹਾਂ ਸ਼ਰਤਾਂ ਨੂੰ ਪੂਰਾ ਕਰਦੇ ਹੋ ਤਾਂ ਤੁਹਾਨੂੰ ਚਾਰ ਅਰਬ ਡਾਲਰ ਦੇ ਕੰਟਰੈਕਟ ਦਾ ਇਨਾਮ ਮਿਲੇਗਾ। ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ‘ਚ ਰਾਫੇਲ ਨਾਲ ਜੁੜਿਆ ਕੰਟਰੈਕਟ ਜਿਸ ਉਦਯੋਗਪਤੀ ਨੂੰ ਦਿੱਤਾ ਗਿਆ ਉਸ ਨੇ 10 ਦਿਨ ਪਹਿਲਾਂ ਹੀ ਰੱਖਿਆ ਖੇਤਰ ਦੀ ਕੰਪਨੀ ਬਣਾਈ ਸੀ। ਕਾਂਗਰਸ ਅਤੇ ਰਾਹੁਲ ਗਾਂਧੀ ਰਾਫੇਲ ਸੌਦੇ ‘ਚ ਭ੍ਰਿਸ਼ਟਾਚਾਰ ਦਾ ਦੋਸ਼ ਲਾਉਂਦੇ ਹੋਏ ਮੋਦੀ ਸਰਕਾਰ ‘ਤੇ ਲਗਾਤਾਰ ਹਮਲੇ ਬੋਲ ਰਹੇ ਹਨ। ਕਾਂਗਰਸ ਨੇ ਇਸ ਮਾਮਲੇ ‘ਚ ਪ੍ਰਧਾਨ ਮੰਤਰੀ ਮੋਦੀ ਅਤੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਖਿਲਾਫ ਲੋਕ ਸਭਾ ‘ਚ ਵਿਸ਼ੇਸ਼ ਅਧਿਕਾਰ ਦਾ ਨੋਟਿਸ ਦਿੱਤਾ ਹੈ। ਪਾਰਟੀ ਦਾ ਦੋਸ਼ ਹੈ ਕਿ ਰਾਫੇਲ ਜਹਾਜ਼ਾ ਦੀ ਕੀਮਤ ਦੱਸਣ ਦੇ ਸੰਦਰਭ ‘ਚ ਮੋਦੀ ਅਤੇ ਸੀਤਾਰਮਨ ਨੇ ਸਦਨ ਨੂੰ ਗੁੰਮਰਾਹ ਕੀਤਾ।

VIA PUNJAB