ਅਕਾਲੀ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾ ਕੇ ਪੰਜਾਬ ਦੇ ਅਮਨ ਨੂੰ ਮੁੜ ਅੱਗ ਲਾਉਣ ਦੇ ਰਾਹ ਪਏ

ਚੰਡੀਗੜ੍ਹ- ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਇਥੇ ਸੂਬੇ ਦੇ ਪੰਜ ਵਾਰੀ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਤੇ ਦੋਸ਼ ਲਾਇਆ ਹੈ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬਂਧਕ ਕਮੇਟੀ ਰਾਹੀਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾ ਕੇ ਪੰਜਾਬ ਦੇ ਅਮਨ ਨੂੰ ਅੱਗ ਲਾਉਣਾ ਚਾਹੁੰਦੇ ਹਨ ਤਾਂ ਕਿ ਆਪਣੇ ਸੌੜੇ ਰਾਜਸੀ ਹਿੱਤਾਂ ਦੀ ਪੂਰਤੀ ਕੀਤੀ ਜਾ ਸਕੇ। ਉਹਨਾਂ ਕਿਹਾ, ‘‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਰਵਾਈ ਗਈ ਬੇਹੁਰਮਤੀ ਅਤੇ ਸ੍ਰੀ ਅਕਾਲ਼ ਤਖ਼ਤ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀਆਂ ਪੰਥਕ ਸੰਸਥਾਵਾਂ ਦੀ ਕੀਤੀ ਗਈ ਦੁਰਵਰਤੋਂ ਕਾਰਨ ਲੋਕਾਂ ਵਲੋਂ ਬਾਦਲਾਂ ਦੇ ਕੀਤੇ ਜਾ ਰਹੇ ਸਮਾਜਿਕ ਬਾਈਕਾਟ ਕਾਰਨ ਉਹਨਾਂ ਨੂੰ ਹੁਣ ਕੋਈ ਏਜੰਡਾ ਨਹੀਂ ਲੱਭ ਰਿਹਾ, ਇਸ ਲਈ ਉਹ 1980 ਦੀ ਤਰਾਂ ਮੁੜ ਪੰਜਾਬ ਦੇ ਅਮਨ ਨੂੰ ਲਾਂਬੂ ਲਾਉਣ ਦੇ ਰਾਹ ਪੈ ਤੁਰੇ ਹਨ। ਇਹ ਇਤਿਹਾਸਕ ਤੱਥ ਬਣ ਚੁੱਕਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ 20 ਅਗਸਤ 1980 ਨੂੰ ਆਪਣੀ ਵਰਕਿੰਗ ਕਮੇਟੀ ਮੀਟਿੰਗ ਵਿਚ ਪਾਸ ਕੀਤੇ ਰਾਹੀਂ ਉਸ ਵੇਲੇ ਹੋਏ ਕਤਲਾਂ ਦੀ ਸਰਾਹਨਾ ਕਰ ਕੇ ਅਤਿਵਾਦ ਨੂੰ ਸ਼ਹਿ ਦਿੱਤੀ ਸੀ। ਜੇ ਬਾਦਲ ਚਾਹੁਣ ਤਾਂ ਇਹ ਮਤਾ ਉਹਨਾਂ ਨੂੰ ਵੀ ਭੇਜਿਆ ਜਾ ਸਕਦਾ ਹੈ।’’ ਸ਼੍ਰੀ ਬਾਜਵਾ ਨੇ ਕਿਹਾ ਕਿ ਬਾਦਲ ਪਿਉ-ਪੁੱਤ ਸਭ ਕੁਝ ਜਾਣਦਿਆਂ ਬੁੱਝਦਿਆਂ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ਵਿਚ ਹੋਈਆਂ ਸਹਿਵਨ ਗਲਤੀਆਂ ਦਾ ਬਹਾਨਾ ਬਣਾ ਕੇ ਸ੍ਰ੍ਰੀ ਅਕਾਲ ਤਖਤ ਸਾਹਿਬ ਤੋਂ ਮੋਰਚਾ ਲਾ ਕੇ ਪੰਜਾਬ ਦਾ ਮਹੌਲ ਖਰਾਬ ਕਰਨ ਲਈ ਬਜ਼ਿਦ ਹਨ ਜਦੋਂ ਕਿ ਇਹ ਕਿਤਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮ ਉਤੇ ਪਹਿਲਾਂ ਹੀ ਵਾਪਸ ਲਈ ਜਾ ਚੁੱਕੀ ਹੈ। ਉਹਨਾਂ ਕਿਹਾ ਕਿ ਦਰਅਸਲ ਬਾਦਲਾਂ ਵਲੋਂ ਇਹ ਸਾਰੀ ਡਰਾਮੇਬਾਜ਼ੀ ਆਪਣੀ ਖੁੱਸੀ ਹੋਈ ਸਾਖ ਬਹਾਲ ਕਰਨ ਲਈ ਕੀਤੀ ਜਾ ਰਹੀ ਹੈ ਜੋ ਕਦੇ ਵੀ ਸਿਰ ਨਹੀਂ ਚੜ੍ਹੇਗੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਿਲੇਬਸ ਸੋਧਣ ਲਈ ਬਣਾਈ ਗਈ 6 ਮੈਂਬਰੀ ਕਮੇਟੀ ਵਿਚ ਦੁਨੀਆਂ ਦੇ ਚਾਰ ਮੰਨੇ ਪ੍ਰਮੰਨੇ ਇਤਿਹਾਸਕਾਰ ਹਨ ਜਿਨ੍ਹਾਂ ਦੀ ਯੋਗਤਾ ਜਾਂ ਨੀਤ ਉਤੇ ਸ਼ੱਕ ਕਰਨਾ ਬਹੁਤ ਹੀ ਸ਼ਰਮਨਾਕ ਗੱਲ ਹੈ। ਇਹਨਾਂ ਵਿਚੋਂ ਦੋ ਇਤਿਹਾਸਕਾਰਾਂ ਦੀ ਸਿੱਖ ਇਤਿਹਾਸ ਉਤੇ ਡੂੰਘੀ ਪਕੜ ਹੈ। ਉਹਨਾਂ ਕਿਹਾ ਕਿ ਮੰਨੇ ਪ੍ਰਮੰਨੇ ਇਤਿਹਾਸਕਾਰ ਡਾ, ਕ੍ਰਿਪਾਲ ਸਿੰਘ ਇਸ ਕਮੇਟੀ ਦੇ ਚੇਅਰਮੈਨ ਹਨ ਜਿਹੜੇ ਲੰਬੇ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿੱਖ ਇਤਿਹਾਸ ਰਿਸਰਚ ਬੋਰਡ ਦੇ ਮੈਂਬਰ ਚਲੇ ਆ ਰਹੇ ਹਨ। ਉਹਨਾਂ ਨੂੰ 21 ਜਨਵਰੀ 2014 ਨੂੰ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਨੈਸ਼ਨਲ ਪ੍ਰੋਫੈਸਰ ਆਫ ਸਿਖਇਜ਼ਮ ਦੀ ਉਪਾਧੀ ਨਾਲ ਵੀ ਸਨਮਾਨਿਆ ਜਾ ਚੁੱਕਿਆ ਹੈ। ਉਹ ਅੱਜ ਕੱਲ ਸ਼੍ਰੋਮਣੀ ਕਮੇਟੀ ਵਲੋਂ ਦਿੱਤੇ ਗਏ ਇੱਕ ਪ੍ਰਾਜੈਕਟ ਉਤੇ ਵੀ ਕੰਮ ਕਰ ਰਹੇ ਹਨ। ਉਹਨਾਂ ਕਿਹਾ ਕਿ ਡਾ. ਕ੍ਰਿਪਾਲ ਸਿੰਘ ਤੋਂ ਬਿਨਾਂ ਇਸ ਕਮੇਟੀ ਵਿਚ ਮੰਨੇ ਪ੍ਰਮੰਨੇ ਇਤਿਹਾਸਕਾਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਹਿ ਚੁੱਕੇ ਵਾਈਸ ਚਾਂਸਲਰ ਡਾ. ਜੇ ਐਸ ਗਰੇਵਾਲ. ਡਾ. ਇੰਦੂ ਬਾਂਗਾ ਅਤੇ ਪ੍ਰੋ. ਪ੍ਰਿਥੀਪਾਲ ਸਿੰਘ ਕਪੂਰ ਸ਼ਾਮਲ ਹਨ। ਸ਼ੀ ਬਾਜਵਾ ਨੇ ਜ਼ੋਰ ਦੇ ਕੇ ਕਿਹਾ ਕਿ ਮੁੱਦਾ ਇਤਿਹਾਸ ਦੀ ਕਿਤਾਬ ਦਾ ਨਹੀਂ ਹੈ ਬਲਕਿ ਬਾਦਲਾਂ ਵਲੋਂ ਅਮਨ ਅਮਾਨ ਨਾਲ ਵਸ ਰਹੇ ਪੰਜਾਬ ਵਿਚ ਗੜਬੜੀ ਕਰ ਕੇ ਆਪਣੀ ਗਵਾਚੀ ਸਾਖ ਨੂੰ ਮੁੜ ਬਹਾਲ ਕਰਾਉਣ ਲਈ ਤਰਲੋਮੱਛੀ ਹੋਣ ਦਾ ਸਬੂਤ ਹੈ। ਉਹਨਾਂ ਕਿਹਾ ਕਿ 2015 ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਹੁਰਮਤੀ ਅਤੇ ਇਸ ਵਿਰੁੱਧ ਰੋਸ ਪ੍ਰਗਟ ਕਰ ਰਹੇ ਲੋਕਾਂ ਉਤੇ ਗੋਲੀ ਚਲਾਉਣ ਵਰਗੇ ਘਿਨਾਉਣੀਆਂ ਘਟਨਾਵਾਂ ਦੇ ਪਾਪਾਂ ਲਈ ਲੋਕ ਬਾਦਲਾਂ ਨੂੰ ਕਦੇ ਵੀ ਨਹੀਂ ਬਖਸ਼ਣਗੇ। ਉਹਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਸਿੱਖ ਗੁਰੂ ਸਾਹਿਬਾਨ ਵਿਰੁੱਧ ਅਪਮਾਨ ਜਨਕ ਟਿੱਪਣੀਆਂ ਕਾਰਨ ਆਪਣੇ ਵਲੋਂ ਹੀ ਪ੍ਰਕਾਸ਼ਿਤ ਕੀਤੀਆਂ ਗਈਆਂ ਕਿਤਾਬਾਂ ਨੂੰ ਵਾਪਸ ਲੈਣ ਦੀ ਤਫਸੀਲ ਵੀ ਦਸੇ। ਇਹਨਾਂ ਵਿਚੋਂ ਇੱਕ ਅਕਾਲੀ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਵਲੋਂ ਵੀ ਲਿਖੀ ਗਈ ਸੀ।

VIA PUNJAB