ਕਰਨਾਟਕ ‘ਚ ਕਾਂਗਰਸ-ਜਨਤਾ ਦਲ ਦੇ 11 ਵਿਧਾਇਕਾਂ ਵੱਲੋਂ ਅਸਤੀਫੇ

ਭਾਜਪਾ ਕਰ ਸਕਦੀ ਹੈ ਸਰਕਾਰ ਬਣਾਉਣ ਦਾ ਦਾਅਵਾ

ਨਵੀਂ ਦਿੱਲੀ – ਕਰਨਾਟਕ ‘ਚ ਕੁਮਾਰਸਵਾਮੀ ਸਰਕਾਰ ਲਈ ਸੰਕਟ ਵੱਧਦਾ ਜਾ ਰਿਹਾ ਹੈ। ਜਨਤਾ ਦਲ (ਜੇ. ਡੀ. ਐੱਸ)-ਕਾਂਗਰਸ ਗਠਜੋੜ ਸਰਕਾਰ ਦੇ 11 ਵਿਧਾਇਕ ਅੱਜ ਭਾਵ ਸ਼ਨਿੱਚਰਵਾਰ ਨੂੰ ਅਸਤੀਫਾ ਦੇਣ ਲਈ ਸਪੀਕਰ ਦਫਤਰ ਪਹੁੰਚ ਗਏ। ਜੇਕਰ ਸਰਕਾਰ ਦੇ ਸਮਰਥਨ ਵਾਲੇ 11 ਵਿਧਇਕਾਂ ਦੇ ਅਸਤੀਫੇ ਪ੍ਰਵਾਨ ਚੜ੍ਹਦੇ ਹਨ ਤਾਂ ਕੁਮਾਰਸਵਾਮੀ ਸਰਕਾਰ ਲਈ ਖਤਰਾ ਪੈਦਾ ਹੋ ਜਾਵੇਗਾ। ਅਜਿਹੀ ਸਥਿਤੀ ਮੁਤਾਬਕ ਸੂਬਾ ਸਰਕਾਰ ਗਠਨ ਨੂੰ ਬੇਤਾਬ ਭਾਜਪਾ ਲਈ ਰਸਤਾ ਅਸਾਨ ਹੋ ਜਾਵੇਗਾ। ਅਸਤੀਫਾ ਦੇਣ ਵਾਲੇ ਵਿਧਾਇਕਾਂ ‘ਚ 8 ਕਾਂਗਰਸ ਦੇ ਵਿਧਾਇਕ ਅਤੇ 3 ਜੇ. ਡੀ. ਐੱਸ. ਦੇ ਵਿਧਾਇਕ ਹਨ। ਸਪੀਕਰ ਕੋਲ ਪਹੁੰਚੇ ਕਾਂਗਰਸ ਵਿਧਾਇਕ ਰਾਮਾਲਿੰਗਾ ਰੈੱਡੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਹ ਅਸਤੀਫਾ ਦੇਣ ਲਈ ਪਹੁੰਚੇ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਪਾਰਟੀ ‘ਚ ਕਿਸੇ ਨੂੰ ਦੋਸ਼ ਨਹੀਂ ਦੇਣ ਜਾ ਰਿਹਾ, ਮੈਨੂੰ ਲੱਗਦਾ ਹੈ ਕਿ ਕੁੱਝ ਮੁੱਦਿਆਂ ‘ਤੇ ਮੈਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਇਸ ਲਈ ਮੈਂ ਇਹ ਫੈਸਲਾ ਲਿਆ ਹੈ। ਜ਼ਿਕਰਯੋਗ ਹੈ ਕਿ ਮੌਜੂਦਾ ਸਮੇਂ ਕਰਨਾਟਕ ਵਿਧਾਨ ਸਭਾ ‘ਚ 224 ਸੀਟਾਂ ਹਨ ਅਤੇ ਸਰਕਾਰ ਬਣਾਉਣ ਲਈ 113 ਸੀਟਾਂ ਦੀ ਲੋੜ ਹੁੰਦੀ ਹੈ। ਕਾਂਗਰਸ ਕੋਲ 80 ਅਤੇ ਜੇ. ਡੀ. ਐੱਸ. ਕੋਲ 37 ਸੀਟਾਂ ਹਨ। ਦੋਵਾਂ ਦੀਆਂ ਸੀਟਾਂ ਮਿਲਾ ਕੇ ਕੁੱਲ 117 ਵਿਧਾਇਕ ਹੋ ਗਏ ਪਰ ਜੇਕਰ ਪਿਛਲੀ ਦਿਨਾਂ ਕਾਂਗਰਸ ਦੇ 2 ਵਿਧਾਇਕਾਂ ਨੇ ਅਸਤੀਫਾ ਦੇ ਦਿੱਤਾ ਅਤੇ ਇੱਕ ਵਿਧਾਇਕ ਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ ਗਿਆ, ਜਿਸ ਤੋਂ ਬਾਅਦ ਕਾਂਗਰਸ ਕੋਲ 77 ਵਿਧਾਇਕ ਬਾਕੀ ਰਹਿ ਗਏ। ਮੌਜੂਦਾ ਸਮੇਂ ‘ਚ ਕਾਂਗਰਸ-ਜੇ. ਡੀ. ਐੱਸ. ਸਰਕਾਲ ਕੋਲ 114 ਵਿਧਾਇਕ ਹਨ। ਭਾਜਪਾ ਦੀ ਗੱਲ ਕਰੀਏ ਤਾਂ ਉਨ੍ਹਾਂ ਕੋਲ 105 ਵਿਧਾਇਕ ਹਨ। ਜੇਕਰ ਅੱਜ 11 ਵਿਧਾਇਕਾਂ ਨੇ ਅਸਤੀਫੇ ਦੇ ਦਿੱਤੇ ਤਾਂ ਕੁਮਾਰਸਵਾਮੀ ਸਰਕਾਰ ਗਿਣਤੀ ਘੱਟ ਹੋ ਜਾਵੇਗੀ, ਜਿਸ ਦਾ ਫਾਇਦਾ ਭਾਜਪਾ ਨੂੰ ਮਿਲ ਸਕਦਾ ਹੈ। ਭਾਜਪਾ ਪਹਿਲਾਂ ਦਾਅਵਾ ਕਰ ਰਹੀ ਹੈ ਕਿ ਉਸ ਕੋਲ ਸਮਰਥਨ ਮੌਜੂਦ ਹੈ। ਇਸ ਸਿਆਸੀ ਸੰਕਟ ਦੇ ਮੱਦੇਨਜ਼ਰ ਕਾਂਗਰਸ ਦੇ ਕਰਨਾਟਕ ਇੰਚਾਰਜ ਕੇ.ਸੀ. ਵੇਣੂਗੋਪਾਲ ਬੰਗਲੁਰੂ ਪਹੁੰਚੇ ਹਨ। ਸੂਤਰਾਂ ਮੁਤਾਬਿਕ ਰਾਜਪਾਲ ਕਰਨਾਟਕ ਵਿੱਚ 17 ਜੁਲਾਈ ਨੂੰ ਵਿਧਾਨ ਸਭਾ ਵਿੱਚ ਬਹੁਮਤ ਸਾਬਿਤ ਕਰਨ ਦਾ ਹੁਕਮ ਦੇ ਸਕਦੇ ਹਨ। ਇਸ ਤੋਂ ਪਹਿਲਾਂ ਹੀ ਕਰਨਾਟਕ ਦੇ ਵਿਜੇਨਗਰ ਦੇ ਕਾਂਗਰਸ ਵਿਧਾਇਕ ਆਨੰਦ ਸਿੰਘ ਨੇ ਸੋਮਵਾਰ ਨੂੰ ਵਿਧਾਨ ਸਭਾ ਪ੍ਰਧਾਨ ਰਮੇਸ਼ ਕੁਮਾਰ ਨੂੰ ਅਸਤੀਫਾ ਦੇ ਦਿੱਤਾ ਸੀ। ਇਸ ਹਾਲਾਤ ਤੋਂ ਸਾਫ ਹੈ ਕਿ ਬੀ.ਜੇ.ਪੀ. ਦੀ ਪ੍ਰਦੇਸ਼ ਵਿੱਚ ਸਰਕਾਰ ਬਣਾਉਣ ਦੀ ਉਮੀਦ ਵੱਧ ਜਾਏਗੀ ਤੇ ਸੂਬੇ ਵਿੱਚ ਵੱਡਾ ਸਿਆਸੀ ਉਲਟਫੇਰ ਹੋ ਜਾਏਗਾ।

VIA PUNJAB