ਚੋਣ ਕਮਿਸ਼ਨ ਨੂੰ ਨਿਰਪੱਖ ਤਰੀਕੇ ਨਾਲ ਕੰਮ ਕਰਨ ਦੀ ਲੋੜ : ਬੀਰ ਦਵਿੰਦਰ ਸਿੰਘ

ਐਸ ਏ ਐਸ ਨਗਰ – ਹਲਕਾ ਆਨੰਦਪੁਰ ਸਾਹਿਬ ਤੋਂ ਚੋਣ ਲੜ ਰਹੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਉਮੀਦਵਾਰ ਸ੍ਰ. ਬੀਰਦਵਿੰਦਰ ਸਿੰਘ ਨੇ ਅੱਜ ਚੋਣ ਕਮਿਸ਼ਨ ਤੇ ਪੱਖਪਾਤੀ ਤਰੀਕੇ ਨਾਲ ਕੰਮ ਕਰਨ ਦਾ ਇਲਜਾਮ ਲਗਾਉਂਦਿਆਂ ਕਿਹਾ ਕਿ ਚੋਣ ਕਮਿਸ਼ਨ ਦੀ ਜਿੰਮੇਵਾਰੀ ਨਿਭਾ ਰਹੇ ਸਥਾਨਕ ਅਫਸਰ ਕਾਂਗਰਸ ਪ੍ਰਤੀ ਬਹੁਤ ਲਚੀਲਾ ਰੁੱਖ ਅਖਤਿਆਰ ਕਰਦੇ ਹਨ ਜਦੋਂਕਿ ਉਹਨਾਂ ਖਿਲਾਫ ਬੋਲੋੜੀ ਸਖਤੀ ਵਰਤੀ ਜਾਂਦੀ ਹੈ| ਉਹਨਾਂ ਕਿਹਾ ਕਿ ਹਾਲਾਤ ਇਹ ਹਨ ਕਿ ਚੋਣ ਕਮਿਸ਼ਨ ਵਲੋਂ ਤੈਨਾਤ ਅਧਿਕਾਰੀ ਬੇਲੋੜੀਆਂ ਸ਼ਰਤਾਂ ਲਗਾ ਕੇ ਉਹਨਾਂ ਦੇ ਜਰੂਰੀ ਕੰਮ ਲਮਕਾ ਰਹੇ ਹਨ ਅਤੇ ਇੱਕ ਆਟੋ ਰਿਕਸ਼ੇ ਦੀ (ਮੁਨਿਆਦੀ ਵਾਸਤੇ) ਮੰਜੂਰੀ ਲੈਣ ਵਾਸਤੇ ਵੀ ਦੋ ਦਿਨ ਦਾ ਸਮਾਂ ਲੱਗ ਜਾਂਦਾ ਹੈ| ਸਰਕਾਰੀ ਅਧਿਕਾਰੀਆਂ ਦਾ ਰਵਈਆ ਅਜਿਹਾ ਹੈ ਜਿਵੇਂ ਕਿਸੇ ਨੂੰ ਚੋਣ ਹੀ ਨਾ ਲੜਣ ਦੇਣਾ ਚਾਹੁੰਦੇ ਹੋਣ|ਉਹਨਾਂ ਕਿਹਾ ਕਿ ਬੀਤੇ ਦਿਨੀ ਪਿੰਡ ਬਲੋਮਾਜਰਾ ਵਿੱਚ ਇੱਕ ਕਿਸਾਨ ਵਲੋਂ ਆਪਣੀ ਜਮੀਨ ਦੇ ਆਲੇ ਦੁਆਲੇ ਲਗਾਈ ਤਾਰ ਨਾਲ ਲਗਾਏ ਉਹਨਾਂ ਦੇ ਇਸ਼ਤਿਹਾਰ ਚੋਣ ਅਮਲੇ ਵਲੋਂ ਪਾੜ ਦਿੱਤੇ ਗਏ ਜਦੋਂਕਿ ਉਸ ਜਮੀਨ ਮਾਲਕ ਵਲੋਂ ਖੁਦ ਆਪਣੀ ਜਮੀਨ ਵਿਚ ਉਹ ਇਸ਼ਤਿਹਾਰ ਲਾਏ ਗਏ ਸਨ| ਇਸੇ ਤਰ੍ਹਾਂ ਹੋਰਨਾਂ ਥਾਂਵਾਂ ਤੇ ਵੀ ਉਹਨਾਂ ਦੇ ਪੋਸਟਰ ਉਤਾਰੇ ਜਾ ਚੁੱਕੇ ਹਨ| ਸ੍ਰ. ਬੀਰਦਵਿੰਦਰ ਸਿੰਘ ਅੱਜ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰਨ ਮੌਕੇ ਸਥਾਨਕ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ|ਉਹਨਾਂ ਵਲੋਂ ਜਾਰੀ ਕੀਤੇ ਗਏ ਚੋਣ ਮਨੋਰਥ ਪੱਤਰ ਵਿੱਚ ਆਨੰਦਪੁਰ ਸਾਹਿਬ ਦੇ ਖਿੱਤੇ ਨੂੰ ਵਿਦਿਆ, ਸਿੱਖ ਧਾਰਮਿਕਤਾ, ਸਿੱਖ ਦਾਰਸ਼ਨਿਕਤਾ ਅਤੇ ਵਿਸ਼ਵ ਗਿਆਨ ਦੇ ਕੇਂਦਰ ਵਜੋਂ ਵਿਕਸਿਤ ਕਰਨ, ਸ੍ਰੀ ਆਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਡਿਫੈਂਸ ਯੂਨੀਵਰਸਿਟੀ ਦੀ ਸਥਾਪਨਾ ਕਰਨ, ਹਲਕੇ ਦੇ ਵੱਖ ਵੱਖ ਖੇਤਰਾਂ ਵਿੱਚ ਸਿਹਤ ਸੇਵਾਵਾਂ ਵਿੱਚ ਸੁਧਾਰ ਕਰਨ, ਏਮਜ ਜਾਂ ਪੀ ਜੀ ਆਈ ਪੱਧਰ ਦਾ ਇੱਕ ਵੱਡਾ ਹਸਪਤਾਲ ਬਣਾਉਣ, ਹਲਕੇ ਵਿੱਚ ਬੁਨਿਆਦੀ ਢਾਂਚੇ ਦੇ ਸੁਧਾਰ ਲਈ ਲੋੜੀਂਦੀ ਕਾਰਵਾਈ ਕਰਨ, ਸ੍ਰੀ ਆਨੰਦਪੁਰ ਸਾਹਿਬ ਆਉਣ ਵਾਲੇ ਸਾਰੇ ਰਸਤਿਆਂ ਦੇ ਸੁੰਦਰੀਕਰਨ, ਕੁਦਰਤੀ ਨਜਾਰਿਆਂ ਤੇ ਰੂਹਾਨੀ ਦਿੱਖ ਨੂੰ ਯਕੀਨੀ ਬਣਾਉਣ, ਹਲਕੇ ਵਿੱਚ ਬਿਜਲੀ, ਪਾਣੀ ਅਤੇ ਹੋਰ ਜਰੂਰੀ ਵਸਤਾ ਦੀ ਨਿਰਵਿਘਨ ਸਪਲਾਈ ਯਕੀਨੀ ਕਰਨ, ਖਰੜ ਵਿੱਚ ਆਧੁਨਿਕ ਸਹੂਲਤਾਂ ਵਾਲੇ ਬਸ ਅੱਡੇ ਦੀ ਉਸਾਰੀ ਕਰਨ, ਖਰੜ ਸਿਵਲ ਹਸਪਤਾਲ ਵਿੱਚ ਵੱਖਰੇ ਜੱਚਾ ਬੱਚਾ ਯੂਨਿਟ ਦੀ ਸਥਾਪਨਾ ਕਰਨ, ਮਹਾਰਾਜਾ ਅੱਜ ਸਰੋਵਰ ਦੀ ਧਾਰਮਿਕ ਮਹੱਤਤਾ ਨੂੰ ਮੁੱਖ ਰੱਖ ਕੇ ਇਸਦੀ ਹਾਲਤ ਵਿੱਚ ਸੁਧਾਰ ਕਰਨ ਅਤੇ ਇਸਨੂੰ ਇੱਕ ਨਵੀਂ ਦਿੱਖ ਦੇਣ ਅਤੇ ਹਲਕੇ ਦੇ ਲੋਕਾਂ ਦੀ ਆਰਥਿਕ ਤਰੱਕੀ ਲਈ ਕਦਮ ਚੁੱਕਣ ਦੀ ਗੱਲ ਕੀਤੀ ਗਈ ਹੈ|

VIA PUNJAB