ਚੋਣਾਂ ’ਚ ਹਾਰ ਹੁੰਦੀ ਵੇਖ ਕੇ ਕੈਪਟਨ ਨੇ ਗਵਾਇਆ ਸੰਤੁਲਨ : ਸਿਕੰਦਰ ਸਿੰਘ ਮਲੂਕਾ

ਫੂਲ ਟਾਊਨ – 19 ਮਈ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਚ ਕਾਂਗਰਸ ਦੇ ਉਮੀਦਵਾਰਾਂ ਦੀ ਹਾਰ ਹੁੰਦੀ ਵੇਖ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣਾ ਸੰਤੁਲਨ ਗਵਾ ਚੁੱਕੇ ਹਨ। ਇਨਾਂ ਗੱਲਾਂ ਦਾ ਪ੍ਰਗਟਾਵਾ ਸਾਬਕਾ ਕੈਬਨਿਟ ਮੰਤਰੀ ਅਤੇ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੇ ਕੀਤਾ। ਮਲੂਕਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀ ਕੈਬਨਿਟ ਤੇ ਹੁਣ ਭਰੋਸਾ ਨਹੀ ਰਿਹਾ ਕਿਉਂਕਿ ਕਾਂਗਰਸ ਦੇ ਉਮੀਦਵਾਰਾਂ ਦੀ ਹਾਰ ਹੁਣ ਯਕੀਨੀ ਹੋ ਗਈ ਹੈ ਜਿਸ ਦਾ ਖੁਲਾਸਾ ਕੈਪਟਨ ਨੇ ਆਪਣੇ ਅਸ਼ਫਲ ਰਹਿਣ ਵਾਲੇ ਕੈਬਨਿਟ ਮੰਤਰੀਆਂ, ਅਤੇ ਵਿਧਾਇਕਾ ਨੂੰ ਸਖਤ ਤਾੜਨਾਂ ਦੇ ਕੇ ਆਪਣੇ ਆਪ ਕਰ ਦਿੱਤਾ ਹੈ ਅਤੇ ਪੰਜਾਬ ਦੀਆਂ 13 ਸੀਟਾਂ ਦਾ ਮਿਸ਼ਨ ਹੁਣ ਹੱਥੋਂ ਖੁਸਦਾ ਨਜਰ ਆ ਰਿਹਾ ਹੈ। ਮਲੂਕਾ ਨੇ ਕਿਹਾ ਕਿ ਹੁਣ ਲੋਕ ਸਭਾ ਚੋਣਾਂ ਚ ਕਾਂਗਰਸੀ ਦੀ ਧੱਕੇਸ਼ਾਹੀ ਨਹੀ ਚੱਲੇਗੀ। ਕਿਉਂਕਿ ਪਿਛਲੀਆਂ ਲੰਘੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤੀ ਚੋਣਾਂ ਵਿੱਚ ਵੀ ਕਾਂਗਰਸ ਨੇ ਧੱਕਸਾਹੀ ਕਰਕੇ ਲੋਕਤੰਤਰ ਦਾ ਘਾਣ ਕੀਤਾ ਹੈ ਪਰ ਹੁਣ ਕਾਂਗਰਸ ਦੇ ਝੂਠ ਦੇ ਪੁਲੰਦੇ ਖੁੱਲ ਚੁੱਕੇ ਹਨ। ਪੰਜਾਬ ਦੇ ਲੋਕਾਂ ਦਾ ਕੈਪਟਨ ਦੀ ਸਰਕਾਰ ਤੋਂ ਮੋਹ ਭੰਗ ਹੋ ਚੁੱਕਾ ਹੈ। ਜਿਸ ਕਰਕੇ 19 ਮਈ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਵਿੱਚ ਲੋਕ ਇੱਟ ਦਾ ਜਵਾਬ ਹੁਣ ਪੱਥਰ ਨਾਲ ਦੇਣਗੇ ਅਤੇ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰਾਂ ਨੂੰ ਵੱਡੇ ਫਰਕ ਨਾਲ ਜਿਤਾਉਣਗੇ।

VIA PUNJAB