ਤਿਵਾੜੀ ਨੇ ਆਪਣੀ ਹੀ ਸਰਕਾਰ ਦੀ ਨਾਕਾਮੀ ਕਬੂਲੀ : ਚੰਦੂਮਾਜਰਾ

ਐਸ ਏ ਐਸ ਨਗਰ – ਮੈਂਬਰ ਪਾਰਲੀਮੈਂਟ ਅਤੇ ਹਲਕਾ ਆਨੰਦਪੁਰ ਤੋਂ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰੀ ਮਨੀਸ਼ ਤਿਵਾੜੀ ਵਲੋਂ ਹਲਕੇ ਦੇ ਵਿਕਾਸ ਬਾਰੇ ਕੀਤੀ ਜਾ ਰਹੀ ਬਿਆਨਬਾਜੀ ਨੂੰ ਪੰਜਾਬ ਸਰਕਾਰ ਅਤੇ ਹਲਕੇ ਨਾਲ ਸਬੰਧਤ ਕਾਂਗਰਸੀ ਮੰਤਰੀਆਂ ਅਤੇ ਵਿਧਾਇਕਾਂ ਦੀ ਦੋ ਸਾਲ ਦੀ ਕਾਰਗੁਜ਼ਾਰੀ ਦੀ ਨਾਕਮੀ ਦਾ ਕਬੂਲਨਾਮਾ ਕਰਾਰ ਦਿੱਤਾ ਹੈ| ਇੱਥੇ ਜਾਰੀ ਬਿਆਨ ਵਿੱਚ ਉਹਨਾਂ ਕਿਹਾ ਕਿ ਮਨੀਸ਼ ਤਿਵਾੜੀ ਦਾ ਕਹਿਣਾ ਹੈ ਕਿ ਹਲਕੇ ਅੰਦਰ ਸਮੱਸਿਆਵਾਂ ਦੇ ਢੇਰ ਲੱਗੇ ਹੋਏ ਹਨ ਅਤੇ ਉਹਨਾਂ ਦੇ ਹਲ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ| ਬੇਰੁਜ਼ਗਾਰੀ ਦੀ ਸਮੱਸਿਆ ਵਿਕਰਾਲ ਰੂਪ ਧਾਰਨ ਕਰ ਚੁੱਕੀ ਹੈ, ਜਿਸ ਦਾ ਸਿੱਧਾ ਅਤੇ ਸਿਆਸੀ ਅਰਥ ਇਹੀ ਬਣਦਾ ਹੈ ਕਿ ਕੈਪਟਨ ਸਰਕਾਰ ਕੋਈ ਵੀ ਮਸਲਾ ਹੱਲ ਕਰਨ ਵੱਲ ਧਿਆਨ ਹੀ ਨਹੀਂ ਦੇ ਸਕੀ ਅਤੇ ਹਲਕੇ ਦੇ ਕਾਂਗਰਸੀ ਵਿਧਾਇਕਾਂ ਅਤੇ ਮੰਤਰੀਆਂ ਦੀ ਕਾਰਗੁਜ਼ਾਰੀ ਨਕਾਰਾ ਸਾਬਤ ਹੋਈ ਹੈ| ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਹਲਕੇ ਸਮੇਤ ਪੂਰੇ ਪੰਜਾਬ ਦੇ ਵਿਕਾਸ ਅਤੇ ਸਮੱਸਿਆਵਾਂ ਦੇ ਹੱਲ ਦੀ ਜ਼ਿੰਮੇਵਾਰੀ ਮੁੱਖ ਤੌਰ ਤੇ ਰਾਜ ਸਰਕਾਰ ਸਿਰ ਹੁੰਦੀ ਹੈ ਅਤੇ ਲੋਕ ਸਭਾ ਮੈਂਬਰ ਨੇ ਤਾਂ ਕੇਂਦਰ ਸਰਕਾਰ ਦੇ ਵਿਕਾਸ ਪ੍ਰੋਜੈਕਟ ਅਤੇ ਸਕੀਮਾਂ ਨੂੰ ਆਪਣੇ ਹਲਕੇ ਅੰਦਰ ਲਿਆਉਣਾ ਅਤੇ ਲਾਗੂ ਕਰਵਾਉਣ ਵਿਚ ਅਹਿਮ ਰੋਲ ਨਿਭਾਉਣਾ ਹੁੰਦਾ ਹੈ| ਉਹਨਾ ਕਿਹਾ ਕਿ ਇਸ ਮਾਮਲੇ ਵਿਚ ਉਹਨਾਂ ਨੇ ਆਪਣਾ ਬਣਦਾ ਰੋਲ ਨਿਭਾਇਆ ਹੈ ਅਤੇ ਮੇਰੇ ਕੰਮ ਹਲਕੇ ਅੰਦਰ ਬੋਲਦੇ ਹਨ| ਉਹਨਾਂ ਕਿਹਾ ਕਿ ਲੁਧਿਆਣਾਤੋਂ ਪੰਜ ਸਾਲ ਲੋਕ ਸਭਾ ਮੈਂਬਰ ਅਤੇ ਕੇਂਦਰੀ ਵਜੀਰ ਰਹੇ ਸ੍ਰੀ ਮਨੀਸ਼ ਤਿਵਾੜੀ ਹਾਲੇ ਤੱਕ ਲੋਕਾਂ ਨੂੰ ਆਪਣੇ ਵਲੋਂ ਪੰਜਾਬ ਅਤੇ ਲੁਧਿਆਣਾ ਲਈ ਕੀਤਾ ਇਕ ਵੀ ਕੰਮ ਦੱਸਣ ਵਿਚ ਅਸਫਲ ਰਹੇ ਹਨ|

VIA PUNJAB